ਜੈਪੁਰ: ਇੰਡੀਅਨ T-20 ਲੀਗ ਵਿੱਚ ਸੋਮਵਾਰ ਨੂੰ ਖੇਡੇ ਗਏ ਰੋਮਾਂਚਿਕ ਮੁਕਾਬਲੇ ਵਿੱਚ ਪੰਜਾਬ ਨੇ ਮੇਜ਼ਬਾਨ ਰਾਜਸਥਾਨ ਨੂੰ 14 ਦੌੜਾਂ ਨਾਲ ਮਾਤ ਦਿੱਤੀ। ਇਸ ਟੂਰਨਾਮੈਂਟ ਦੇ 12 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਨੇ ਰਾਜਸਥਾਨ ਨੂੰ ਉਸ ਦੇ ਘਰ ਵਿੱਚ ਸ਼ਿਕਸਤ ਦਿੱਤੀ ਹੈ।


ਇਕ ਵਾਰ ਆਸਾਨੀ ਨਾਲ ਜਿੱਤ ਵੱਲ ਵਧ ਰਹੀ ਰਾਜਸਥਾਨ ਜੋਸ ਬਟਲਰ ਦੇ ਵਿਵਾਦਿਤ ਰਨਆਊਟ ਤੋਂ ਬਾਅਦ ਪੂਰੀ ਤਰ੍ਹਾਂ ਮੈਚ ਤੋਂ ਬਾਹਰ ਹੋ ਗਈ। ਆਖ਼ਰੀ ਓਵਰ ਵਿੱਚ ਰਾਜਸਥਾਨ ਦੇ ਰਜਵਾੜਿਆਂ ਨੂੰ ਜਿੱਤ ਲਈ 21 ਦੌੜਾਂ ਦੀ ਦਰਕਾਰ ਸੀ ਪਰ ਤੇਜ਼ ਗੇਂਦਬਾਜ ਅੰਕਿਤ ਰਾਜਪੂਤ ਨੇ ਇਸ ਓਵਰ ਵਿੱਚ 2 ਵਿਕਟਾਂ ਨਾਲ ਮਹਿਜ਼ 6 ਦੌੜਾਂ ਦਿੰਦਿਆਂ ਪੰਜਾਬ ਨੂੰ ਜਿੱਤ ਹਾਸਲ ਕਰਵਾਈ।

ਰਾਜਸਥਾਨ ਲਈ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਵੱਧ 43 ਗੇਂਦਾਂ ਵਿੱਚ 69 ਦੌੜਾਂ ਬਣਾਈਆਂ। ਪੰਜਾਬ ਲਈ ਸੈਮ ਕਰਨ-ਮੁਜੀਬ ਰਹਿਮਾਨ ਤੇ ਅੰਕਿਤ ਰਾਜਪੂਤ ਨੇ 2-2 ਵਿਕਟਾਂ ਲਈਆਂ। ਕਪਤਾਨ ਰਵੀ ਅਸ਼ਵਨੀ ਨੇ ਇੱਕ ਵਿਕਟ ਤੇ ਇੱਕ ਅਹਿਮ ਰਨ ਆਊਟ ਕੀਤਾ।

ਇਸ ਤੋਂ ਪਹਿਲਾਂ ਕ੍ਰਿਸ ਗੇਲ ਨੇ ਤਾਬੜਤੋੜ ਅੱਧ ਸੈਂਕੜਾ (47 ਗੇਂਦਾਂ ਵਿੱਚ 79 ਦੌੜਾਂ) ਤੇ ਸਰਫਰਾਜ਼ ਅਹਿਮਦ ਨੇ ਨਾਬਾਦ 44 ਦੌੜਾਂ ਬਣਾਉਂਦਿਆਂ 4 ਵਿਕਟਾਂ ਗਵਾ ਕੇ 185 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ। ਰਾਜਸਥਾਨ ਵੱਲੋਂ ਬੈਨ ਸਟੌਕਸ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਧਵਨ ਕੁਲਕਰਨੀ ਤੇ ਕ੍ਰਿਸ਼ਣਾ ਗੌਤਮ ਨੇ 1-1 ਵਿਕਟ ਝਟਕਾਈ।