ਚੰਡੀਗੜ੍ਹ: ਕਿਰਤੀ ਕਿਸਾਨ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ 28 ਜੂਨ ਨੂੰ ਚੰਡੀਗੜ੍ਹ 'ਚ ਰੋਸ ਮੁਜ਼ਾਹਰਾ ਕਰੇਗੀ। ਪੰਜਾਬ ਦੇ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਜ਼ਹਿਰੀਲੇ ਮਾਦੇ ਨੂੰ ਸਖਤੀ ਨਾਲ ਰੋਕਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਪ੍ਰਦਰਸ਼ਨ ਕਰੇਗੀ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕੇ ਪੰਜਾਬ ਦੀ ਧਰਤੀ ਹੇਠਲਾ 86 ਫ਼ੀਸਦੀ ਪਾਣੀ ਨਿਕਲ ਚੁੱਕਾ ਹੈ ਤੇ ਬਾਕੀ ਪਾਣੀ ਦਾ ਵੱਡਾ ਹਿੱਸਾ ਨਾ ਪੀਣਯੋਗ ਹੈ ਨਾ ਫਸਲਾਂ ਲਈ ਲਾਹੇਵੰਦ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਖੇਤੀ ਤੇ ਪੀਣ ਵਾਲੇ ਪਾਣੀ ਦਾ ਸੰਕਟ ਬਹੁਤ ਗੰਭੀਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਨਹਿਰਾਂ ਵਿੱਚ ਸਾਰਾ ਸਾਲ ਪਾਣੀ ਦੀ ਸਪਲਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕੇ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਨਹਿਰਾਂ 'ਚ ਪੂਰੀ ਸਮਰੱਥਾ ਨਾਲ ਪਾਣੀ ਜਾ ਰਿਹਾ ਤੇ ਪੰਜਾਬ ਦੀਆਂ ਨਹਿਰਾਂ ਤੇ ਰਜਬਾਹਿਆਂ ਵਿੱਚ ਪਾਣੀ ਦੀ ਬੰਦੀ ਦੇ ਰਿਕਾਰਡ ਬਣਾਏ ਜਾ ਰਹੇ ਤੇ ਪੰਜਾਬ ਦੇ ਬਹੁਤੇ ਹਿੱਸਿਆਂ 'ਚ 6 ਮਹੀਨਿਆਂ ਤੋਂ ਨਹਿਰੀ ਪਾਣੀ ਨਹੀਂ ਮਿਲ ਰਿਹਾ ਤੇ ਜਦੋਂ ਆਉਂਦਾ ਤੇ ਬਹੁਤ ਘੱਟ ਆਉਂਦਾ ਹੈ ਜਿਸ ਦਾ ਸਾਫ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਕੇ ਪਾਣੀ ਛੱਡਣ ਦਾ ਅਧਿਕਾਰ ਕੇਂਦਰ ਵੱਲੋਂ ਆਪਣੇ ਹੱਥ ਵਿੱਚ ਕਰਨਾ ਹੈ।
ਉਨ੍ਹਾਂ ਕਿਹਾ ਕੇ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਤਹਿਤ ਹੱਲ ਹੋਣਾ ਚਾਹੀਦਾ ਤੇ ਪੰਜਾਬ ਦੇ ਹੈਡ ਵਰਕਸ ਦਾ ਕੰਟਰੋਲ ਪੰਜਾਬ ਦੇ ਹੱਥ ਹੋਣਾ ਚਾਹੀਦਾ।ਓੁਹਨਾਂ ਕਿਹਾ ਕੇ ਕੇਂਦਰ ਪੰਜਾਬ ਦੇ ਹੈਡ ਵਰਕਸ ਤੇ ਕੰਟਰੋਲ ਕਰਕੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਰ ਰਿਹਾ ਹੈ ਤੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਤੋਂ ਬਾਅਦ ਪੰਜਾਬ ਦੇ ਵਿੱਚ ਨਹਿਰੀ ਢਾਂਚੇ ਨੂੰ ਵਿਕਸਤ ਕਰਨ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।ਕਪੂਰਥਲੇ ਵਰਗਾ ਜ਼ਿਲ੍ਹਾ ਜੋ ਦੋ ਦਰਿਆਵਾਂ ਵਿੱਚ ਪੈਂਦਾ ਹੈ।ਪਰ ਉੱਥੇ ਇੱਕ ਵੀ ਨਹਿਰ ਨਹੀਂ।
ਉਨ੍ਹਾਂ ਕਿਹਾ ਕਿ ਨਹਿਰੀ ਢਾਂਚੇ ਨੂੰ ਵਿਕਸਤ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਹਰ ਕਿਸਾਨ ਦੇ ਖੇਤ ਸਾਰਾ ਸਾਲ ਨਹਿਰੀ ਪਾਣੀ ਪਹੁੰਚਣ ਦੀ ਗਾਰੰਟੀ ਕਰਨੀ ਚਾਹੀਦੀ ਹੈ ਤੇ ਮੋਘਿਆਂ ਦੇ ਮੁੱਢ ਵਿੱਚ ਰੀਚਾਰਜ ਪੁਆਇੰਟ ਬਣਾਉਣੇ ਚਾਹੀਦੇ ਹਨ ਤਾਂ ਜੋ ਕਿਸਾਨ ਨੂੰ ਪਾਣੀ ਦੀ ਜਰੂਰਤ ਨਾ ਹੋਣ ਦੀ ਸੂਰਤ ਵਿੱਚ ਧਰਤੀ ਹੇਠ ਪਾਣੀ ਰੀਚਾਰਜ ਕੀਤਾ ਜਾ ਸਕੇ।