Kisan Morcha: ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੂਰਨ ਨਸ਼ਾਬੰਦੀ ਅਤੇ ਹੋਰ ਮੰਗਾਂ ਸਬੰਧੀ ਕੱਲ 16 ਅਪ੍ਰੈਲ ਨੂੰ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਖਿਲਾਫ਼ ਲੱਗੇਗਾ ਮੋਰਚਾ,ਕਣਕ ਦੀ ਖਰੀਦ ਲਈ 25 ਅਪ੍ਰੈਲ ਨੂੰ ਜਾਮ ਹੋਣਗੀਆਂ ਰੇਲਾਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਨਸ਼ੇ ਕਾਰਨ ਹਰ ਰੋਜ਼ ਇਕ ਜਾਂ ਦੋ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਭਗਵੰਤ ਸਿੰਘ ਮਾਨ ਸਰਕਾਰ ਇੱਕ ਮਹੀਨਾ ਬੀਤਣ ਦੇ ਬਾਵਜੂਦ ਨਸ਼ਾਬੰਦੀ ਨਹੀ ਕਰ ਸਕੀ।
ਉਹਨਾਂ ਜਵਾਨੀ ਨੂੰ ਬਚਾਉਣ ਲਈ ਕੱਲ 16 ਅਪ੍ਰੈਲ ਨੂੰ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਅੱਗੇ ਲੱਗਣ ਵਾਲੇ ਮੋਰਚੇ 'ਚ ਪੰਜਾਬ ਦੇ ਕਿਸਾਨਾਂ ਮਜਦੂਰਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ । ਪੰਜਾਬ ਵਿੱਚ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰ ਸਕੇ, ਪਿੰਡ ਅਨਾਇਤਪੁਰਾ ਦੇ ਕੇਸ ਵਿੱਚੋ ਬੇਗੁਨਾਹ ਕਿਸਾਨਾਂ ਮਜਦੂਰਾਂ ਨੂੰ ਕੱਢਿਆ ਜਾਵੇ,ਪੁਲਿਸ ਪ੍ਰਸ਼ਾਸਨ ਵਿਦੇਸ਼ ਭੇਜਣ ਦੇ ਨਾਮ ਹੇਠ ਨੌਜਵਾਨਾਂ ਨਾਲ ਹੋਈਆਂ ਠੱਗੀਆਂ ਖਿਲਾਫ਼ ਕਾਰਵਾਈ ਕਰੇ, ਪਿੰਡ ਕੋਟਲਾ ਸੁਲਤਾਨ ਦੇ ਕਿਸਾਨ ਖਿਲਾਫ਼ ਲਗਾਇਆ ਝੂਠਾ ਐੱਸ ਸੀ ਐਕਟ ਖਤਮ ਕੀਤਾ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਰੋਸ ਵਿਅਕਤ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਜਿਆਦਾ ਗਰਮੀ ਪੈਣ ਕਾਰਨ ਕੁਝ ਕਣਕ ਦੇ ਦਾਣੇ ਵਿਕਸਿਤ ਨਹੀਂ ਹੋਏ, ਉਸਦਾ ਬਹਾਨਾ ਬਣਾ ਕੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਨਿੱਜੀ ਵਪਾਰੀਆਂ ਨੂੰ ਲੁਟਾਉਣਾ ਚਾਹੁੰਦੀ ਹੈ,ਇਸ ਲਈ ਕਣਕ ਦੀ ਖਰੀਦ ਬੰਦ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਖਰੀਦ ਦੇ ਨਿਯਮਾਂ ਵਿੱਚ ਢਿੱਲ ਦੇਵੇ ਤੇ ਕਣਕ ਪੂਰੇ ਭਾਅ ਉੱਤੇ ਖਰੀਦੇ ਨਹੀਂ ਤਾਂ 25 ਅਪ੍ਰੈਲ ਨੂੰ ਰੇਲਾਂ ਰੋਕੀਆਂ ਜਾਣਗੀਆਂ,ਲੋਕਾਂ ਦੀ ਪ੍ਰੇਸ਼ਾਨੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਬਾਜ ਸਿੰਘ ਸਾਰੰਗੜਾ,ਗੁਰਲਾਲ ਸਿੰਘ, ਲਖਵਿੰਦਰ ਸਿੰਘ ਡਾਲਾ,ਕੰਧਾਰਾ ਸਿੰਘ ਭੋਏਵਾਲ,ਬਲਦੇਵ ਸਿੰਘ ਬੱਗਾ, ਡਾ:ਕੰਵਰਦਲੀਪ ਸਿੰਘ,ਸਵਿੰਦਰ ਸਿੰਘ ਰੂਪੋਵਾਲੀ,ਸੁਖਦੇਵ ਸਿੰਘ ਚਾਟੀਵਿੰਡ,ਗੁਰਭੇਜ ਸਿੰਘ ਝੰਡੇ, ਅਮਰਦੀਪ ਸਿੰਘ ਗੋਪੀ ਆਦਿ ਜਿਲ੍ਹਾ ਆਗੂਆਂ ਵੀ ਹਾਜ਼ਰ ਸਨ।