ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਦੇ ਖਾਤਮੇ ਲਈ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵੱਡੀ ਕਾਰਵਾਈ ਕੀਤੀ ਹੈ। ਏਜੀਟੀਐਫ ਨੇ ਪੰਜ-ਛੇ ਅਪਰੈਲ ਦੀ ਰਾਤ ਨੂੰ ਦੌਣ ਕਲਾਂ ਵਾਸੀ ਧਰਮਿੰਦਰ ਸਿੰਘ ਭਿੰਦਾ ਨੂੰ ਕਤਲ ਕਰਕੇ ਫ਼਼ਰਾਰ ਹੋਏ ਨੌਜਵਾਨਾਂ ਵਿੱਚੋਂ ਦੋ ਨੂੰ ਹੋਰ ਕਾਬੂ ਕਰ ਲਿਆ ਗਿਆ ਹੈ। ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ (ਏਡੀਜੀਪੀ) ਨੇ ਇਹ ਜਾਣਕਾਰੀ ਅੱਜ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।



ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਮੁਲਜ਼ਮ ਹਰਵੀਰ ਸਿੰਘ ਦੌਣ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ, ਜਿਸ ਦੇ ਨਾਲ ਹੀ ਤੇਜਿੰਦਰ ਸਿੰਘ ਫੌਜੀ ਵਾਸੀ ਦੌਣ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆ ਏਜੀਪੀਐਫ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਤੇ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਹੇਠਲੀਆਂ ਟੀਮਾਂ ਵੱਲੋਂ ਦੇਹਰਾਦੂਨ ਵਿੱਚੋਂ ਕੀਤੀਆਂ ਗਈਆਂ ਹਨ।

ਕਾਬੂ ਕੀਤੇ ਗਏ ਇਹ ਦੋਵੇਂ ਜਣੇ ਮੁੱਖ ਮੁਲਜ਼ਮਾਂ ਵਿੱਚ ਹਨ ਉਂਝ ਮੁੱਖ ਮੁਲਜ਼ਮਾਂ ਵਜੋਂ ਹੀ ਅਜੇ ਦੋ ਜਣੇ ਹੋਰ ਪੁਲੀਸ ਦੀ ਗ੍ਰਿਫਤ ਵਿਚੋਂ ਬਾਹਰ ਹਨ, ਜਿਨ੍ਹਾਂ ਵਿੱਚ ਹਰਮਨ ਤੇ ਬੋਨੀ ਵਾਸੀ ਸਾਹਿਬ ਨਗਰ ਥੇੜੀ ਸ਼ਾਮਲ ਹਨ। ਸਮਝਿਆ ਜਾ ਰਿਹਾ ਹੈ ਕਿ ਉਹ ਵੀ ਕਿਸੇ ਦੂਜੇ ਰਾਜ ਵਿੱਚ ਛੁਪੇ ਹੋਏ ਹਨ, ਜਿਸ ਕਾਰਨ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਹੋਰ ਟੀਮਾਂ ਬਾਹਰਲੇ ਰਾਜਾਂ ਵਿੱਚ ਉਨ੍ਹਾਂ ਦੀ ਤਲਾਸ਼ ਵਿੱਚ ਜੁਟੀਆਂ ਹੋਈਆਂ ਹਨ।