Punjab News: ਪੰਜਾਬ ਵਿੱਚ ਸ਼ੰਭੂ ਅਤੇ ਖਨੌਰੀ ਸਰਹੱਦਾਂ ਖਾਲੀ ਕਰਵਾਉਣ ਤੋਂ ਬਾਅਦ ਸੜਕਾਂ ਸਾਫ਼ ਕਰ ਦਿੱਤੀਆਂ ਗਈਆਂ ਹਨ, ਪਰ ਕਿਸਾਨਾਂ ਦਾ ਗ਼ੁੱਸਾ ਅਜੇ ਵੀ ਘੱਟ ਨਹੀਂ ਹੋਇਆ ਹੈ। ਆਪਣੀਆਂ ਮੰਗਾਂ 'ਤੇ ਅੜੇ ਕਿਸਾਨ ਲਗਾਤਾਰ ਨਵੀਆਂ ਰਣਨੀਤੀਆਂ ਬਣਾ ਰਹੇ ਹਨ। ਇਸ ਤਹਿਤ ਕਿਸਾਨ ਮਜ਼ਦੂਰ ਮੋਰਚਾ (KMM) ਦੀ ਇੱਕ ਮਹੱਤਵਪੂਰਨ ਮੀਟਿੰਗ ਲੁਧਿਆਣਾ ਦੇ ਮਾਲਵਾ ਕਾਲਜ ਨੇੜੇ ਫਿਰੋਜ਼ਪੁਰ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ, ਜਿਸ ਵਿੱਚ ਸਰਵਣ ਸਿੰਘ ਪੰਧੇਰ ਤੇ ਦਿਲਬਾਗ ਸਿੰਘ ਗਿੱਲ ਸਮੇਤ ਕਈ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਲਗਭਗ 3 ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ, ਕਿਸਾਨ ਆਗੂਆਂ ਨੇ ਅਗਲੀ ਰਣਨੀਤੀ ਦਾ ਐਲਾਨ ਕੀਤਾ।
ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 11 ਅਪ੍ਰੈਲ ਨੂੰ ਵਿਧਾਇਕ ਲਾਡੀ ਢੋਂਸ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਨੇ ਕਿਸਾਨਾਂ ਨਾਲ ਬਦਤਮੀਜ਼ੀ ਕੀਤੀ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਗੁੱਸਾ ਹੈ। ਪੰਧੇਰ ਨੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਸੀ ਕਿ ਅਮਨ ਅਰੋੜਾ ਆਪਣੇ ਵਰਕਰਾਂ ਨੂੰ ਕਿਸਾਨਾਂ ਵਿਰੁੱਧ ਨਾਅਰੇਬਾਜ਼ੀ ਕਰਨ ਲਈ ਮੈਦਾਨ ਵਿੱਚ ਉਤਾਰੇਗਾ। ਉਨ੍ਹਾਂ ਇਸ ਮਾਮਲੇ ਵਿੱਚ ਡੀਜੀਪੀ ਦੇ ਦਖ਼ਲ ਦੀ ਮੰਗ ਕੀਤੀ ਤਾਂ ਜੋ ਸਥਿਤੀ ਹੋਰ ਨਾ ਵਿਗੜੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਟਕਰਾਅ ਵਾਲੀ ਸਥਿਤੀ ਪੈਦਾ ਕਰ ਰਹੀ ਹੈ ਅਤੇ ਜੇ ਕੁਝ ਹੁੰਦਾ ਹੈ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਕਿਸਾਨਾਂ ਵਿੱਚ ਏਕਤਾ ਬਣਾਈ ਰੱਖਣ ਲਈ, ਪੰਧੇਰ ਨੇ ਕਿਹਾ ਕਿ ਐਸਕੇਐਮ (ਸੰਯੁਕਤ ਕਿਸਾਨ ਮੋਰਚਾ) ਨੂੰ ਪਹਿਲਾਂ ਹੀ ਇੱਕ ਪੱਤਰ ਲਿਖਿਆ ਜਾ ਚੁੱਕਾ ਹੈ ਅਤੇ ਇਸਨੂੰ ਦੁਬਾਰਾ ਲਿਖਿਆ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਵਿਰੁੱਧ ਇੱਕਜੁੱਟ ਹੋ ਕੇ ਲੜਾਈ ਲੜੀ ਜਾ ਸਕੇ।
ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਦੋਲਨ 'ਤੇ ਕਾਰਵਾਈ ਕਰਕੇ ਕਿਸਾਨਾਂ ਦੀ ਦੁਸ਼ਮਣੀ ਦਾ ਬੋਝ ਪਾਇਆ ਹੈ ਤੇ ਹੁਣ ਕਿਸਾਨ ਵੀ ਇਸਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਮਾਲ ਦੇ ਨੁਕਸਾਨ ਦੀ ਭਰਪਾਈ ਕਰੇ ਨਹੀਂ ਤਾਂ ਵਿਧਾਇਕਾਂ ਨੂੰ ਪਿੰਡਾਂ ਵਿੱਚ ਆਉਣ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਪੰਧੇਰ ਨੇ ਕਿਹਾ ਕਿ ਸਰਕਾਰ ਨੇ 'ਆਪ' ਆਗੂਆਂ ਵਿਰੁੱਧ ਕੇਸ ਕਿਉਂ ਨਹੀਂ ਦਰਜ ਕੀਤਾ, ਜਿਨ੍ਹਾਂ ਦੇ ਘਰਾਂ ਤੋਂ ਅੰਦੋਲਨਕਾਰੀ ਕਿਸਾਨਾਂ ਦੀਆਂ ਟਰਾਲੀਆਂ ਬਰਾਮਦ ਹੋਈਆਂ ਸਨ। ਕਿਸਾਨਾਂ ਨੇ 'ਆਪ' ਵਿਧਾਇਕ ਗੁਰਲਾਲ ਸਿੰਘ ਘਨੌਰ 'ਤੇ ਟਰੈਕਟਰ ਅਤੇ ਟਰਾਲੀਆਂ ਚੋਰੀ ਕਰਨ ਦੇ ਗੰਭੀਰ ਦੋਸ਼ ਵੀ ਲਗਾਏ ਹਨ। ਪੰਧੇਰ ਨੇ ਕਿਹਾ ਕਿ ਅਗਲੀ ਮੀਟਿੰਗ 16 ਅਪ੍ਰੈਲ ਨੂੰ ਹੋਵੇਗੀ ਜਿਸ ਤੋਂ ਬਾਅਦ ਅਗਲੇ ਸੰਘਰਸ਼ ਦੀ ਰਣਨੀਤੀ ਬਣਾਈ ਜਾਵੇਗੀ।