ਜਲੰਧਰ: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਨਵਾਂ ਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਚੋਣ ਜ਼ਾਬਤਾ ਲੱਗਣ ਕਾਰਨ ਪਿਛਲੇ ਸਾਲ ਵਾਂਗ ਸਿਆਸੀ ਸਟੇਜ ਤਾਂ ਕੋਈ ਨਹੀਂ ਲੱਗੀ ਪਰ ਲੀਡਰ ਆਏ ਅਤੇ ਭਗਤ ਸਿੰਘ ਨੂੰ ਆਪਣੇ-ਆਪਣੇ ਤਰੀਕੇ ਨਾਲ ਯਾਦ ਕੀਤਾ।
ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਜਸਵੰਤ ਸਿੰਘ ਪਿਛਲੇ ਕਈ ਸਾਲਾਂ ਤੋਂ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸਰਕਾਰੀ ਕਾਗਜ਼ਾਂ ਵਿੱਚ ਸ਼ਹੀਦ ਬਨਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕੈਪਟਨ ਮੁੱਖ ਮੰਤਰੀ ਨਹੀਂ ਬਣੇ ਸਨ ਤਾਂ ਉਨ੍ਹਾਂ ਵਾਅਦਾ ਵੀ ਕੀਤਾ ਸੀ ਕਿ ਅਜਿਹਾ ਕਰਨਗੇ ਪਰ ਹੁਣ ਮਿਲਦੇ ਹੀ ਨਹੀਂ।
ਇੱਥੇ ਬਜ਼ੁਰਗ ਵਿਅਕਤੀ ਨਿਰਮਲ ਸਿੰਘ ਰੀਹਲ ਵੀ ਪਹੁੰਚੇ। ਇਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਅੰਮ੍ਰਿਤਸਰ ਤਕ ਟ੍ਰੇਨ ਚਲਵਾਉਣ ਲਈ ਕਈ ਸਾਲ ਸੰਘਰਸ਼ ਕੀਤਾ। ਹੁਣ ਜਦੋਂ ਟ੍ਰੇਨ ਚੱਲ ਗਈ ਹੈ ਤਾਂ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਘੁੰਮ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਭਗਤ ਸਿੰਘ ਦੇ ਪਿੰਡ ਆ ਸਕਣ ਅਤੇ ਆਪਣੇ ਸ਼ਹੀਦ ਦੀ ਵਿਚਾਰਧਾਰਾ ਨਾਲ ਜੁੜ ਸਕਣ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਡੈਮੋਕ੍ਰੈਟਿ ਅਲਾਇੰਸ ਦੇ ਮੈਂਬਰ ਡਾ. ਧਰਮਵੀਰ ਗਾਂਧੀ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕੈਪਟਨ ਸਰਕਾਰ ਤਰਫ਼ੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਚੋਣ ਜ਼ਾਬਤਾ ਲੱਗਣ ਕਾਰਨ ਭਗਤ ਸਿੰਘ ਨੂੰ ਯਾਦ ਕਰਨ ਲਈ ਪੰਜਾਬ ਦੇ ਜ਼ਿਆਦਾਤਰ ਲੀਡਰ ਖਟਕੜ ਕਲਾਂ ਨਹੀਂ ਪਹੁੰਚੇ ਅਤੇ ਜੋ ਪਹੁੰਚੇ ਉਹ ਵੀ ਰਸਮੀ ਸ਼ਰਧਾਂਜਲੀ ਤੋਂ ਇਲਾਵਾ ਹੋਰ ਕੁਝ ਖ਼ਾਸ ਨਹੀਂ ਕਰ ਸਕੇ।
ਪੰਜਾਬ ਦੇ ਨੌਜਵਾਨਾਂ ਨੂੰ ਭਗਤ ਸਿੰਘ ਦਾ ਸਭ ਤੋਂ ਜ਼ਿਆਦਾ ਕ੍ਰੇਜ਼ ਹੈ। ਬਹੁਤ ਸਾਰੇ ਨੌਜਵਾਨ ਭਗਤ ਸਿੰਘ ਵਰਗੀਆਂ ਪੱਗਾਂ ਬਨ ਕੇ ਅਤੇ ਭਗਤ ਸਿੰਘ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਪਾ ਕੇ ਸ਼ਹੀਦਾਂ ਨੂੰ ਯਾਦ ਕਰਨ ਆਏ। ਗੱਲਬਾਤ ਵਿੱਚ ਨੌਜਵਾਨਾਂ ਨੇ ਪੰਜਾਬ ਦੀ ਅੱਜ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਨਸ਼ਾ ਹੀ ਦੱਸੀ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨੂੰ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਆਏ ਲੋਕਾਂ ਨੂੰ ਸਰਕਾਰ ਦੇ ਪ੍ਰਤੀ ਨਰਾਜ਼ਗੀ ਹੈ ਅਤੇ ਗੁੱਸਾ ਇਸ ਗੱਲ ਦਾ ਹੈ ਕਿ ਸਰਕਾਰਾਂ ਆਜ਼ਾਦੀ ਦੇ ਇਨੇ ਸਾਲ ਬਾਅਦ ਵੀ ਭਗਤ ਸਿੰਘ ਦੇ ਸੁਫਨਿਆਂ ਦਾ ਹਿੰਦੋਸਤਾਨ ਨਹੀਂ ਬਣਾ ਸਕੀਆਂ।