ਸ੍ਰੀ ਮੁਕਤਸਰ ਸਾਹਿਬ: ਬਾਦਲ ਨੇ ਟਕਸਾਲੀਆਂ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਕਿ ਟਕਸਾਲੀ ਉਹ ਹਨ ਜੋ ਹਰ ਮੁਸੀਬਤ ਵਿੱਚ ਆਪਣੀ ਮਾਂ ਪਾਰਟੀ ਦਾ ਸਾਥ ਦੇਣ, ਨਾ ਕਿ ਉਹ ਜੋ ਆਪਣੀ ਪਾਰਟੀ ਛੱਡ ਕੇ ਤੁਰ ਜਾਣ। ਬਾਦਲ ਨੇ ਡੇਰਾ ਸਿਰਸਾ ਮੁਖੀ ਤੋਂ ਐਸਆਈਟੀ ਵੱਲੋਂ ਪੁੱਛਗਿੱਛ ਕਰਨ ਅਤੇ 'ਆਪ' ਤੇ ਕਾਂਗਰਸ ਦੇ ਗਠਜੋੜ 'ਤੇ ਵੀ ਆਪਣਾ ਪ੍ਰਤੀਕਰਮ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡ ਛਤਿਆਣਾ ਵਿਖੇ ਪਹੁੰਚੇ ਬਾਦਲ ਨੇ ਐਸਆਈਟੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ। ਬੇਅਬਦੀਆਂ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਐਸਆਈਟੀ ਸਾਡੀ ਪਾਰਟੀ ਦੇ ਵਰਕਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਲਈ ਹੀ ਬਣਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਅਸੀਂ ਕਦੇ ਵੀ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ। ਐਸਆਈਟੀ ਵੱਲੋਂ ਡੇਰਾ ਸਿਰਸਾ ਮੁਖੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਜੋ ਮਰਜ਼ੀ ਕਰਨ ਇਹ ਉਨ੍ਹਾਂ ਦਾ ਫੈਸਲਾ ਹੈ।
ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਦੀਆਂ ਚਰਚਾਵਾਂ 'ਤੇ ਬੋਲਦਿਆਂ ਕਿਹਾ ਕਿ ਇਹ ਉਨਾਂ ਦੇ ਆਪਸੀ ਫੈਸਲੇ ਹਨ ਦੂਜੀਆਂ ਪਾਰਟੀਆਂ ਇਸ ਵਿਚ ਕੁਝ ਨਹੀਂ ਕਹਿ ਸਕਦੀਆਂ। ਟਕਸਾਲੀ ਅਕਾਲੀ ਦਲ ਤੇ ਬੋਲਦਿਆਂ ਕਿਹਾ ਕਿ ਟਕਸਾਲੀ ਉਹ ਨਹੀਂ ਹੁੰਦੇ ਜੋ ਆਪਣੀ ਪਾਰਟੀ ਦਾ ਸਾਥ ਛੱਡ ਦੇਣ , ਬਲਕਿ ਟਕਸਾਲੀ ਉਹ ਹੁੰਦੇ ਹਨ ਜੋ ਪਾਰਟੀ ਦਾ ਔਖ਼ੇ ਤੋਂ ਔਖੇ ਵੇਲੇ ਵੀ ਸਾਥ ਨਾ ਛੱਡਣ।