ਚੰਡੀਗੜ੍ਹ: ਨਾਭਾ ਦੀ ਅੱਤ ਸੁਰੱਖਿਆ ਜੇਲ੍ਹ ਵਿੱਚੋਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹਰਮਿੰਦਰ ਸਿੰਘ ਮਿੰਟੂ ਵੀ ਫ਼ਰਾਰ ਹੋ ਗਿਆ ਹੈ। ਮਿੰਟੂ ਨੂੰ ਦੋ ਸਾਲ ਪਹਿਲਾਂ ਥਾਈਲੈਂਡ ਵਿੱਚੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ। 48 ਸਾਲ ਦੇ ਹਰਮਿੰਦਰ ਸਿੰਘ ਮਿੰਟੂ ਦਹਿਸ਼ਤਗਰਦ ਸੰਗਠਨ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹੈ।
ਪੁਲਿਸ ਦੀ ਲਿਸਟ ਅਨੁਸਾਰ ਮਿੰਟੂ ਕਈ ਅਹਿਮ ਮਾਮਲਿਆਂ ਵਿੱਚ ਲੋੜੀਂਦਾ ਸੀ। ਇਨ੍ਹਾਂ ਵਿੱਚੋਂ 2008 ਡੇਰਾ ਮੁਖੀ ਉੱਤੇ ਹੋਇਆ ਹਮਲਾ ਤੇ ਹਲਵਾਰਾ ਏਅਰ ਫੋਰਸ ਸਟੇਸ਼ਨ ਨੇੜੇ ਤੋਂ ਬਰਾਮਦ ਹੋਏ ਅਸਲੇ ਦਾ ਕੇਸ ਵੀ ਸ਼ਾਮਲ ਹੈ। ਮਿੰਟੂ ਕਿਸੇ ਸਮੇਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਦਾ ਸਾਥੀ ਸੀ ਪਰ 2009 ਵਿੱਚ ਉਸ ਨੇ ਵੱਖ ਹੋ ਕੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਗਠਨ ਕੀਤਾ।
ਥਾਈਲੈਂਡ ਵਿੱਚ ਮਿੰਟੂ ਨੂੰ ਮਲੇਸ਼ੀਆ ਦੇ ਜਾਅਲੀ ਪਾਸਪੋਰਟ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਿੰਟੂ ਮਲੇਸ਼ੀਆ ਦੇ ਬਣੇ ਹੋਏ ਗੁਰਦੀਪ ਸਿੰਘ ਦੇ ਪਾਸਪੋਰਟ ਉੱਤੇ ਸਫ਼ਰ ਕਰ ਰਿਹਾ ਸੀ। ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ ਮਿੰਟੂ ਨੇ 2010 ਵਿੱਚ ਸੰਗਠਨ ਦੀ ਮਜ਼ਬੂਤੀ ਲਈ ਯੂਰਪ ਦੀ ਯਾਤਰਾ ਕੀਤੀ ਤੇ ਇੱਥੋਂ ਹੀ ਉਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨਾਲ ਸੰਪਰਕ ਬਣਿਆ। ਯੂਰਪ ਤੋਂ ਬਾਅਦ ਮਿੰਟੂ ਨੇ ਆਪਣਾ ਟਿਕਾਣਾ ਥਾਈਲੈਂਡ ਨੂੰ ਬਣਿਆ। ਇੱਥੋਂ ਹੀ ਉਹ ਅਕਸਰ ਪਾਕਿਸਤਾਨ ਦੀ ਯਾਤਰਾ ਕਰਦਾ ਸੀ।