ਚੰਡੀਗੜ੍ਹ: ਪਹਾੜੀ ਇਲਾਕਿਆਂ ‘ਚ ਬਰਫਬਾਰੀ ਤੇ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਕਾਫੀ ਹੇਠ ਜਾਣ ਨਾਲ ਗੁਆਂਢੀ ਸੂਬੇ ਪੰਜਾਬ ‘ਚ ਠੰਢ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਿਮਾਚਲ ਦੇ ਕੇਲੌਂਗ ‘ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 12 ਡਿਗਰੀ ਹੇਠ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਕਿਨੌਰ ਜ਼ਿਲ੍ਹਾ ਦੇ ਕਾਪਲਾ ‘ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 1.2 ਡਿਗਰੀ ਰਿਕਾਰਡ ਕੀਤਾ ਗਿਆ। ਇਸ ਕਰਕੇ ਪੰਜਾਬ ਤੇ ਹਰਿਆਣਾ ‘ਚ ਵੀ ਠੰਢ ਕਾਫੀ ਵਧ ਗਈ ਹੈ।

ਪੰਜਾਬ ‘ਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਪਟਿਆਲਾ 'ਚ ਘੱਟੋ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਔਸਤ ਤੋਂ ਦੋ ਡਿਗਰੀ ਘੱਟ ਹੈ। ਜਦੋਂ ਕਿ ਬਠਿੰਡਾ ‘ਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ (7), ਗੁਰਦਾਸਪੁਰ (6.4), ਹਲਵਾਰਾ (6.1), ਫਰੀਦਕੋਟ (6) ਤੇ ਆਦਮਪੁਰ (6.2) ਵੀ ਸੀਤ ਲਹਿਰ ਦੀ ਲਪੇਟ ‘ਚ ਹਨ। ਅੰਮ੍ਰਿਤਸਰ ਤੇ ਪਠਾਨਕੋਟ ‘ਚ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੇ 9.9 ਡਿਗਰੀ ਸੈਲਸੀਅਸ ਰਿਹਾ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ‘ਚ ਘੱਟੋ ਘੱਟ ਤਾਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਖਾਸ ਗੱਲ ਇਹ ਹੈ ਕਿ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ‘ਚ ਜੇਕਰ ਬਰਫਬਾਰੀ ਤੇ ਮੀਂਹ ਪੈਂਦਾ ਹੈ ਤਾਂ ਪੰਜਾਬ ਤੇ ਹਰਿਆਣਾ ‘ਚ ਤਾਪਮਾਨ ਹੋਰ ਹੇਠਾਂ ਆਉਣ ਦੀ ਸੰਭਾਵਨਾ ਹੈ।