ਚੰਡੀਗੜ੍ਹ: ਬਰਗਾੜੀ 'ਚ ਪਵਿੱਤਰ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ 'ਚ ਹੋਏ ਗੋਲ਼ੀਕਾਂਡ ਮਾਮਲੇ 'ਚ ਆਈਜੀ ਐਲਕੇ ਯਾਦਵ ਦੀ ਆਗਵਾਈ 'ਚ ਗਠਿਤ ਐਸਆਈਟੀ ਨੇ ਫਰੀਦਕੋਟ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਉਮਰਾਨੰਗਲ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਦੀ ਇਜਾਜ਼ਤ ਮੰਗੀ ਹੈ।
ਐਸਆਈਟੀ ਨੇ ਕਿਹਾ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਾਰੇ ਅਧਿਕਾਰੀ ਜਾਂਚ ਟੀਮ ਤੋਂ ਸੱਚ ਲੁਕੋ ਰਹੇ ਹਨ। ਅਜਿਹੇ 'ਚ ਇਨ੍ਹਾਂ ਦੇ ਬਿਆਨ ਦੀ ਸੱਚ ਨੂੰ ਪ੍ਰਮਾਣਿਤ ਕਰਨ ਲਈ ਤਿੰਨਾਂ ਦਾ ਨਾਰਕੋ ਟੈਸਟ ਲਾਜ਼ਮੀ ਹੈ।
ਅਦਾਲਤ ਨੇ ਅਰਜ਼ੀ ਸਵੀਕਾਰ ਕਰਦਿਆਂ ਦੂਜੇ ਪੱਖ ਤੋਂ ਜਵਾਬ ਮੰਗਿਆ ਹੈ। ਓਧਰ ਆਈਜੀ ਪਰਮਰਾਜ ਉਮਰਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤਕ ਅਦਾਲਤ ਵੱਲੋਂ ਕੋਈ ਅਧਿਕਾਰਤ ਨੋਟਿਸ ਨਹੀਂ ਮਿਲਿਆ।