ਚੰਡੀਗੜ੍ਹ: ਸੁਖਬੀਰ ਬਾਦਲ ਤੋਂ SIT ਦੀ ਪੁੱਛ ਗਿੱਛ ਖਤਮ ਹੋ ਗਈ ਹੈ।ਚਾਰ ਘੰਟੇ ਤੱਕ ਚੱਲੀ ਇਸ ਲੰਬੀ ਪੁੱਛ ਗਿੱਛ ਦੌਰਾਨ SIT ਨੇ ਅਕਾਲੀ ਦੇ ਪ੍ਰਧਾਨ ਤੋਂ ਕਈ ਸੁਆਲ ਜਵਾਬ ਕੀਤੇ ਹਨ।SIT ਨੇ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਤੋਂ ਪੁੱਛ ਗਿੱਛ ਕੀਤੀ।


ਕੋਟਕਪੁਰਾ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਲਈ ਉਸਨੂੰ ਸੰਮਨ ਭੇਜਿਆ ਸੀ। ਸੁਖਬੀਰ ਬਾਦਲ ਨੂੰ 26 ਜੂਨ ਨੂੰ ਸੈਕਟਰ -32, ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਹੈਡਕੁਆਰਟਰ ਆਉਣ ਲਈ ਕਿਹਾ ਗਿਆ ਸੀ। 2015 ਵਿਚ ਕੋਟਕਪੁਰਾ ਗੋਲੀ ਕਾਂਡ ਦੀ ਘਟਨਾ ਵੇਲੇ ਬਾਦਲ ਸੂਬਾ ਸਰਕਾਰ ਵਿਚ ਗ੍ਰਹਿ ਮੰਤਰੀ ਸੀ।


ਦੱਸ ਦਈਏ ਕਿ ਇਸ ਗੋਲੀ ਕਾਂਡ ਦੀ ਘਟਨਾ ਦੀ ਜਾਂਚ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਇੱਕ ਨਵੀਂ ਐਸਆਈਟੀ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਸੀ। ਮਈ ਵਿਚ ਬਣਾਈ ਗਈ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ 2015 ਵਿਚ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾਉਣ ਦਾ ਆਦੇਸ਼ ਕਿਸਨੇ ਦਿੱਤਾ ਸੀ। ਐਸਆਈਟੀ ਟੀਮ ਇਸ ਮਾਮਲੇ ਵਿਚ ਘਟਨਾ ਦੇ ਸਮੇਂ ਮੌਜੂਦ ਤਤਕਾਲੀ ਪੁਲਿਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।


ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਤੋਂ ਵੀ ਕੀਤੀ ਪੁੱਛਗਿੱਛ
ਦੱਸ ਦੇਈਏ ਕਿ ਐਸਆਈਟੀ ਦੀ ਟੀਮ ਨੇ ਮੰਗਲਵਾਰ ਨੂੰ ਪੰਜਾਬ ਦੇ ਫਰੀਦਕੋਟ, ਕੋਟਕਪੂਰਾ ਪੁਲਿਸ ਗੋਲੀਬਾਰੀ ਦੀ ਘਟਨਾ ਸਬੰਧੀ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਪੰਜਾਬ ਪੁਲਿਸ ਦੀ ਐਸਆਈਟੀ ਸੈਕਟਰ -4 ਸਥਿਤ ਬਾਦਲ ਦੇ ਸਰਕਾਰੀ ਵਿਧਾਇਕ ਦੇ ਫਲੈਟ ਵਿਖੇ ਪਹੁੰਚੀ ਅਤੇ ਤਕਰੀਬਨ ਢਾਈ ਘੰਟੇ ਪੁੱਛਗਿੱਛ ਕੀਤੀ ਗਈ।


ਇਸ ਪੁੱਛਗਿੱਛ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਣੇ ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਵੀ ਬਾਦਲ ਦੀ ਰਿਹਾਇਸ਼ ‘ਤੇ ਮੌਜੂਦ ਰਹੇ।


ਐਸਆਈਟੀ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਨੂੰ 16 ਜੂਨ ਨੂੰ ਆਉਣ ਲਈ ਕਿਹਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਹ ਨਹੀਂ ਪਹੁੰਚ ਸਕੇ। ਅਕਾਲੀ ਦਲ ਦੇ ਨੇਤਾਵਾਂ ਨੇ ਕਿਹਾ ਕਿ ਬਾਦਲ ਨੇ ਐਸਆਈਟੀ ਦੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਜਾਂਚ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ।