Punjab Budget Session: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਸੈਸ਼ਨ ਸ਼ੁਰੂ ਹੁੰਦੇ ਹੀ ਕਾਂਗਰਸ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਵੀ ਕਾਂਗਰਸ ਨੇ ਪੰਜਾਬ ਸਰਕਾਰ ਖਿਲਾਫ਼ ਧਰਨਾ ਦਿੱਤਾ। ਜਲੰਧਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਧਰਨਾ ਦਿੱਤਾ ਤੇ ਉਹਨਾਂ ਦੇ ਨਾਲ ਬਾਕੀ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੋਏ। 


ਬਜਟ ਪੇਸ਼ ਕਰਨ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਸੁਖਵਿੰਦਰ ਕੋਟਲੀ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲਿਤ ਵਿਰੋਧੀ ਟਿੱਪਣੀ ਕੀਤੀ ਹੈ। ਜਿਸ 'ਤੇ ਸੀਐਮ ਭਗਵੰਤ ਮਾਨ ਮੁਆਫ਼ੀ ਮੰਗਣ। 



ਹਲਾਂਕਿ ਸੀਐਮ ਭਗਵੰਤ ਮਾਨ ਦਾ ਬਿਆਨ ਤਾਂ ਨਹੀਂ ਆਇਆ। ਸਗੋਂ ਅੱਜ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਆਮ ਆਮਦੀ ਪਾਰਟੀ ਦੇ ਵਿਧਾਇਕਾਂ ਦੀ ਇੱਕ ਟੀਮ ਸੁਖਵਿੰਦਰ ਕੋਟਲੀ ਨੂੰ ਮਨਾਉਣ ਦੇ ਲਈ ਸੰਦਨ ਤੋਂ ਬਾਹਰ ਆਈ। ਇਹਨਾਂ ਵਿਧਾਇਕਾਂ ਨੂੰ ਕੋਟਲੀ ਨੇ ਕਿਹਾ ਕਿ  ਕਿਸੇ ਵੀ ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾਓ, ਉਹ ਆਪਣਾ ਸੰਘਰਸ਼ ਵਾਪਸ ਲੈ ਲੈਣਗੇ।


ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ 'ਚ ਦਲਿਤ ਡਿਪਟੀ ਸੀਐਮ ਬਣਾਉਣਗੇ। ਹੁਣ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ 2 ਸਾਲ ਹੋ ਗਏ ਹਨ ਪਰ ਹਾਲੇ ਤੱਕ ਇਹਨਾਂ ਨੇ ਦਲਿਤ ਨੂੰ ਉੱਪ ਮੁੱਖ ਮੰਤਰੀ ਨਹੀਂ ਬਣਾਇਆ। 


 ਕੋਟਲੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਤੋਂ ਪਿੱਛੇ ਨਹੀਂ ਹਟਣਗੇ। ਉਹ ਇਸ ਲੜਾਈ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ। ਉਨ੍ਹਾਂ ਦੱਸਿਆ ਕਿ ‘ਆਪ’ ਵਿਧਾਇਕਾਂ ਨੇ ਵੀ ਉਨ੍ਹਾਂ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਨੇ ਗਲਤ ਕੀਤਾ ਹੈ।


 ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸੇ ਦਲਿਤ ਵਿਧਾਇਕ ਨੂੰ ਉੱਪ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਉਹ ਆਪਣਾ ਅੰਦੋਲਨ ਵਾਪਸ ਲੈ ਲੈਣਗੇ। ਨਹੀਂ ਤਾਂ ਅਸੀਂ ਹਰ ਥਾਂ ਸੀਐਮ ਦਾ ਵਿਰੋਧ ਕਰਾਂਗੇ। ਦਲਿਤਾਂ ਨਾਲ CM ਭਗਵੰਤ ਮਾਨ ਦੇ ਪਿੰਡ ਜਾਣਗੇ।