ਚੰਡੀਗੜ੍ਹ: ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਨੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਜ਼ੀਰਾ ਨੇ ਜਨਤਕ ਮੰਚ 'ਤੇ ਪੰਜਾਬ ਪੁਲਿਸ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਪ੍ਰੋਗਰਾਮ ਦਾ ਬਾਈਕਾਟ ਕਰਕੇ ਪਾਰਟੀ ਦੀ ਕਿਰਕਰੀ ਵੀ ਕੀਤੀ ਸੀ।


ਸਬੰਧਤ ਖ਼ਬਰ: ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਜਾਗਿਆ MLA ਦਾ ਜ਼ਮੀਰ, ਕੈਪਟਨ ਤੇ ਪੁਲਿਸ ਨੂੰ ਨਸ਼ਾ ਖ਼ਤਮ ਕਰਨ 'ਚ ਨਾਕਾਮ ਦੱਸ ਕੀਤਾ ਬਾਈਕਾਟ

ਜ਼ੀਰਾ ਨੇ ਇਲਜ਼ਾਮ ਲਾਏ ਸਨ ਕਿ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨਸ਼ਾ ਤਸਕਰਾਂ ਦੀ ਮਦਦ ਕਰਦੇ ਹਨ। ਉਨ੍ਹਾਂ ਇਸ ਦੇ ਰੋਸ ਵਜੋਂ ਬੀਤੀ 12 ਜਨਵਰੀ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪੁਲਿਸ ਖ਼ਿਲਾਫ਼ ਆਪਣੀ ਭੜਾਸ ਕੱਢ ਕੇ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਕੈਪਟਨ ਸਰਕਾਰ ਨੂੰ ਰੱਜ ਕੇ ਜ਼ਲੀਲ ਕੀਤਾ ਸੀ। ਪਾਰਟੀ ਨੇ ਆਪਣੇ ਵਿਧਾਇਕ ਵੱਲੋਂ ਲਾਏ ਇਲਜ਼ਾਮਾਂ ਦੀ ਜਾਂਚ ਦੀ ਬਜਾਏ ਉਸ ਨੂੰ ਹੀ ਝਟਕਾ ਦੇ ਦਿੱਤਾ ਹੈ।

ਸਬੰਧਤ ਖ਼ਬਰ: ਕੈਪਟਨ ਦੀ 'ਫੱਟੀ ਪੋਚਣ' ਵਾਲੇ ਜ਼ੀਰਾ ਨੇ ਹੁਣ ਆਪਣੀ ਹੀ ਸਰਕਾਰ ਖ਼ਿਲਾਫ਼ ਦਿੱਤੀ ਧਰਨੇ ਦੀ ਧਮਕੀ

ਹਾਲਾਂਕਿ, ਜ਼ੀਰਾ ਨੇ ਬੀਤੀ 14 ਤਾਰੀਖ਼ ਨੂੰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਆਈਜੀ ਛੀਨਾ ਵਿਰੁੱਧ ਜਾਂਚ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਡੀਜੀਪੀ ਨੇ ਛੀਨਾ ਵਿਰੁੱਧ ਜਾਂਚ ਦੇ ਨਿਰਦੇਸ਼ ਵੀ ਦੇ ਦਿੱਤੇ ਹਨ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ: ਜ਼ੀਰਾ ਦੀ ਆਈਜੀ ਵਿਰੁੱਧ ਸ਼ਿਕਾਇਤ 'ਤੇ ਡੀਜੀਪੀ ਨੇ ਦਿੱਤੇ ਜਾਂਚ ਦੇ ਨਿਰਦੇਸ਼

ਡੀਜੀਪੀ ਨਾਲ ਮੁਲਾਕਾਤ ਮਗਰੋਂ ਕੁਝ ਹੀ ਸਮੇਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਫਰਾਰ ਚੱਲ ਰਹੇ ਜ਼ੀਰਾ ਦੇ ਨੇੜਲੇ ਸਮਰਥਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਸੀ। ਹੁਣ ਕਾਂਗਰਸ ਨੇ ਪਾਰਟੀ ਖ਼ਿਲਾਫ਼ ਬੋਲਣ ਵਾਲੇ ਵਿਧਾਇਕ ਦੀ ਬੋਲਤੀ ਬੰਦ ਕਰਨ ਲਈ ਵੱਡਾ ਵਾਰ ਕੀਤਾ ਹੈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਕੱਲ੍ਹ ਇਸ ਮਾਮਲੇ 'ਤੇ ਤਰਕ ਦਿੱਤਾ ਸੀ ਕਿ ਵਿਧਾਇਕ ਨੂੰ ਪਾਰਟੀ ਪੱਧਰ 'ਤੇ ਹੀ ਕਹਿਣਾ ਚਾਹੀਦਾ ਸੀ ਨਾ ਕਿ ਜਨਤਕ ਇਕੱਠ ਵਿੱਚ।