ਕੁਲਬੀਰ ਜ਼ੀਰਾ ਤੇ ਇੰਦਰਜੀਤ ਜ਼ੀਰਾ ਦੀ ਦਾਅਵੇਦਾਰੀ ਦੇ ਨਾਲ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਕੁੱਲ ਚਾਰ ਵੱਡੇ ਨੇਤਾ ਦਾਅਵੇਦਾਰ ਬਣ ਗਏ ਹਨ। ਅਜਿਹੇ ਵਿੱਚ ਪਾਰਟੀ ਹਾਈਕਮਾਂਡ ਲਈ ਵੀ ਸਥਿਤੀ ਮੁਸ਼ਕਿਲ ਬਣ ਸਕਦੀ ਹੈ, ਕਿਉਂਕਿ ਪਾਰਟੀ ਕਿਸੇ ਵੀ ਲੀਡਰ ਨੂੰ ਨਾਰਾਜ਼ ਨਹੀਂ ਹੋਣ ਦੇਣਾ ਚਾਹੁੰਦੀ।
ਹਾਲਾਂਕਿ, ਇੰਦਰਜੀਤ ਜ਼ੀਰਾ ਨੇ ਪਹਿਲਾਂ ਹੀ ਇਸ ਸੀਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ, ਪਰ ਉਨ੍ਹਾਂ ਦੇ ਪੁੱਤਰ ਤੇ ਮੌਜੂਦਾ ਵਿਧਾਇਕ ਨੇ ਆਪਣੀ ਵੀ ਦਾਅਵੇਦਾਰੀ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਖਡੂਰ ਸਾਹਿਬ ਉੱਪਰ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਕਾਮਯਾਬ ਨਹੀਂ ਹੋਇਆ। ਇਹ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਰਹੀ ਹੈ। ਪਿਛਲੀ ਵਾਰ ਇਸ ਸੀਟ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਪਾਰਟੀ ਦੇ ਲੀਡਰ ਹਰਮਿੰਦਰ ਸਿੰਘ ਗਿੱਲ ਨੂੰ ਇੱਕ ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ- ਖਡੂਰ ਸਾਹਿਬ 'ਤੇ ਕਈ ਕਾਂਗਰਸੀਆਂ ਦੀ ਅੱਖ, ਡਿੰਪਾ ਤੇ ਬਾਸਰਕੇ ਨੇ ਵੀ ਠੋਕੀ ਦਾਅਵੇਦਾਰੀ
ਯਾਦ ਰਹੇ ਕਿ ਇਸ ਵਾਰ ਬ੍ਰਹਮਪੁਰਾ ਹੁਣ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਟਕਸਾਲੀ ਅਕਾਲੀ ਦਲ ਦਾ ਗਠਨ ਕਰ ਚੁੱਕੇ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਡੇਢ ਲੱਖ ਵੋਟਾਂ ਲੈਣ ਵਿੱਚ ਇਸ ਹਲਕੇ ਤੋਂ ਕਾਮਯਾਬ ਰਹੇ ਸਨ ਪਰ ਹੁਣ ਇਸ ਹਲਕੇ ਤੋਂ ਟਿਕਟ ਲੈਣ ਲਈ ਹੁਣ ਤੋਂ ਹੀ ਕਾਂਗਰਸ ਦੇ ਲੀਡਰਾਂ ਨੇ ਆਪਣੀ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ।