ਜਲੰਧਰ: ਸ਼ਹਿਰ ਦੀਆਂ ਸਭ ਤੋਂ ਵਿਅਸਤ ਥਾਵਾਂ ਵਿੱਚੋਂ ਇੱਕ ਪੀਏਪੀ ਚੌਕ ਵਿੱਚ ਅੱਜ ਸਵੇਰੇ ਦੋ ਅਣਪਛਾਤੇ ਨੌਜਵਾਨ ਕੁੜੀ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਤੇ ਫਰਾਰ ਹੋ ਗਏ। ਪੀੜਤਾ ਨੂੰ ਫਿਲਹਾਲ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਅਤੇ ਪੁਲਿਸ ਨੇ ਲੜਕੀ ਦੇ ਬਿਆਨ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤਾ ਹੈ।

ਪੀੜਤਾ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦੀ ਹੈ। ਅੱਜ ਸਵੇਰੇ ਉਹ ਟ੍ਰਾਂਸਪੋਰਟ ਨਗਰ ਸਥਿਤ ਆਪਣੇ ਘਰੋਂ ਨੌਕਰੀ ਲਈ ਰਾਮਾ ਮੰਡੀ ਤੋਂ ਹਸਪਤਾਲ ਜਾ ਰਹੀ ਸੀ। ਜਦ ਉਹ ਪੀਏਪੀ ਚੌਕ ਲਾਗੇ ਆਟੋ ਬਦਲਣ ਲੱਗੀ ਤਾਂ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਉਸ 'ਤੇ ਤੇਜ਼ਾਬ ਵਰਗੀ ਚੀਜ਼ ਸੁੱਟੀ ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਲੜਕੀ ਨੂੰ ਫੌਰਨ ਹਸਪਤਾਲ ਲਿਆਂਦਾ ਗਿਆ।

ਹਸਪਤਾਲ ਦੇ ਡਾਕਟਰ ਬੀ.ਐਸ. ਜੌਹਲ ਦਾ ਕਹਿਣਾ ਹੈ ਕੁੜੀ ਦੀ ਹਾਲਤ ਫਿਲਹਾਲ ਜ਼ਿਆਦਾ ਖ਼ਰਾਬ ਨਹੀਂ ਹੈ ਪਰ ਇਹੋ ਜਿਹੇ ਮਾਮਲਿਆਂ ਵਿੱਚ ਪੀੜਤ ਨੂੰ ਹੋਏ ਨੁਕਸਾਨ ਦਾ ਅਸਲ ਪਤਾ ਕੁਝ ਸਮਾਂ ਬਾਅਦ ਲੱਗਦਾ ਹੈ, ਇਸ ਲਈ ਉਸਨੂੰ ਫਿਲਹਾਲ ਡਾਕਟਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਉੱਧਰ, ਮਾਮਲੇ ਦੀ ਜਾਂਚ ਕਰਨ ਪੁੱਜੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।