ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਮਜ਼ਦੂਰ ਨੇ 200 ਰੁਪਏ ਉਧਾਰ ਕੀ ਮੰਗੇ ਉਸ ਦੇ ਵਾਰੇ ਨਿਆਰੇ ਹੋ ਗਏ। ਪਿੰਡ ਮੰਡਵੀ ਦੇ ਮਜ਼ਦੂਰ ਨੇ ਪੈਸੇ ਉਧਾਰ ਲੈ ਕੇ ਪੰਜਾਬ ਸਰਕਾਰ ਦੀ ਲਾਟਰੀ ਪਾਈ ਤੇ ਉਸ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲ ਗਿਆ। ਮਜ਼ਦੂਰ ਮਨੋਜ ਕੁਮਾਰ ਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਆ ਰਿਹਾ। ਪੰਜਾਬ ਸਰਕਾਰ ਦਾ ਰਾਖੀ ਬੰਪਰ 2018 ਨੇ ਮਨੋਜ ਦੇ ਭਾਗ ਹੀ ਖੋਲ੍ਹ ਦਿੱਤੇ। ਬੀਤੀ 29 ਅਗਸਤ ਨੂੰ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੀ ਇਸ ਲਾਟਰੀ ਦੇ ਜੇਤੂਆਂ ਦਾ ਐਲਾਨ ਹੋਇਆ, ਇਸ ਵਿੱਚ ਮਨੋਜ ਕੁਮਾਰ ਦਾ ਨੰਬਰ ਵੀ ਸ਼ਾਮਲ ਸੀ। ਬੀਤੇ ਦਿਨ ਮਨੋਜ ਪੰਜਾਬ ਸਟੇਟ ਲਾਟਰੀਜ਼ ਦੇ ਨਿਰਦੇਸ਼ਕ ਟੀਪੀਐਸ ਫੂਲਕਾ ਨੂੰ ਮਿਲਿਆ ਤੇ ਆਪਣੀ ਇਨਾਮੀ ਰਾਸ਼ੀ ਲਈ ਦਾਅਵਾ ਪੇਸ਼ ਕਰਨ ਆਇਆ ਸੀ। ਇਸ ਸਮੇਂ ਮਨੋਜ ਨੇ ਦੱਸਿਆ ਕਿ ਲਾਟਰੀ ਦੀ ਟਿਕਟ ਖਰੀਦਣ ਲਈ ਉਸ ਨੇ ਪੈਸੇ ਉਧਾਰ ਮੰਗੇ ਸਨ। ਉਸ ਨੇ ਆਸ ਜਤਾਈ ਕਿ ਆਰਥਕ ਤੰਗੀ ਦਾ ਸਾਹਮਣਾ ਕਰ ਰਿਹਾ ਉਸ ਦਾ ਪਰਿਵਾਰ ਹੁਣ ਬਿਹਤਰ ਹਾਲਤ ਵਿੱਚ ਆ ਜਾਵੇਗਾ।