ਪਟਿਆਲਾ: ਕੋਰੋਨਾ ਦੀ ਬਿਮਾਰੀ ਨਾਲੋਂ ਇਸ ਦੀ ਦਹਿਸ਼ਤ ਕਰਕੇ ਵੱਧ ਮੌਤਾਂ ਹੋ ਰਹੀਆਂ ਹਨ। ਹੁਣ ਤੱਕ ਵੇਖਿਆ ਗਿਆ ਹੈ ਕਿ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆ ਰਹੀ ਹੈ, ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਦਿਲ ਦੇ ਦੌਰੇ ਕਰਕੇ ਹੋ ਰਹੀ ਹੈ। ਇਸ ਤੋਂ ਇਲਾਵਾ ਕਈ ਲੋਕ ਡਰ ਕੇ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਵਿੱਚੋਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ।


ਤਾਜ਼ਾ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਪਾਤੜਾਂ ਤੋਂ ਹੈ। ਇੱਥੇ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੀ ਧੀ ਕੈਨੇਡਾ ਵਿੱਚ ਪੜ੍ਹਾਈ ਲਈ ਗਈ ਹੋਈ ਹੈ। ਉਸ ਦੀ ਧੀ ਨੇ ਕੈਨੇਡਾ ਤੋਂ ਫੋਨ ਕਰ ਕੇ ਦੱਸਿਆ ਸੀ ਕਿ ਉਸ ਨਾਲ ਪੜ੍ਹਦੀ ਲੜਕੀ ਨੂੰ ਕਰੋਨਾਵਾਇਰਸ ਪੌਜ਼ੇਟਿਵ ਆਇਆ ਹੈ। ਇਸ ਕਰਕੇ ਮਹਿਲਾ ਬੇਹੱਦ ਪ੍ਰੇਸ਼ਾਨ ਹੋ ਗਈ ਤੇ ਉਸ ਨੇ ਘਰ ਪਈ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ।

ਪੁਲਿਸ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਸੀ। ਪੁਲਿਸ ਮੁਤਾਬਕ ਦਰਬਾਰਾ ਸਿੰਘ ਵਾਸੀ ਹਰਿਆਊ ਦੀ ਪਤਨੀ ਜਸਪ੍ਰੀਤ ਕੌਰ (40 ਸਾਲ) ਦੀ ਧੀ ਕੁਝ ਸਮਾਂ ਪਹਿਲਾਂ ਪੜ੍ਹਨ ਲਈ ਕੈਨੇਡਾ ਗਈ ਸੀ। ਉਸ ਦੀ ਧੀ ਨੇ ਫੋਨ ਕਰ ਕੇ ਦੱਸਿਆ ਸੀ ਕਿ ਉਸ ਨਾਲ ਪੜ੍ਹਦੀ ਲੜਕੀ ਨੂੰ ਕਰੋਨਾਵਾਇਰਸ ਪਾਜ਼ੇਟਿਵ ਆਇਆ ਹੈ। ਉਸ ਮਗਰੋਂ ਜਸਪ੍ਰੀਤ ਕੌਰ ਲਗਾਤਾਰ ਪ੍ਰੇਸ਼ਾਨ ਰਹਿਣ ਲੱਗੀ ਸੀ।