Punjab News: ਨੌਜਵਾਨ ਸਮਾਜ ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਪੰਜਾਬ ਤੇ ਪੰਜਾਬੀਅਤ ਬਚਾਉਣ ਦਾ ਨਾਅਰਾ ਲੈ ਕੇ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਸਤਿਕਾਰ ਜਥੇਬੰਦੀ ਦੇ ਬੈਨਰ ਹੇਠ ਮਾਘੀ ਮੇਲੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਤੇ ਪੰਜਾਬੀਅਤ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਇਸ ਯਾਤਰਾ ਤਹਿਤ ਉਹ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਤੱਕ ਜਾਣਗੇ।
ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦੀ ਕਿਸੇ ਵੀ ਸਿਆਸੀ ਧਿਰ ਭਾਵੇਂ ਉਹ ਅਕਾਲੀ ਦਲ ਹੋਵੇ, ਕਾਂਗਰਸ ਜਾਂ ਫਿਰ ਲੋਕਾਂ ਨੂੰ ਸੁਫ਼ਨੇ ਦਿਖਾ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਕਿਸੇ ਨੇ ਵੀ ਪੰਜਾਬ ਦੇ ਅਸਲੀ ਮੁੱਦਿਆਂ ਨੂੰ ਹੱਲ ਕਰਨ ਵੱਲ ਧਿਆਨ ਹੀ ਨਹੀਂ ਦਿੱਤਾ। ਇਸ ਕਰਕੇ ਪੰਜਾਬ ਅੱਜ ਵੱਡੀ ਤ੍ਰਾਸਦੀ ’ਚੋਂ ਲੰਘ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਿੰਜਾਈ ਲਈ ਲੋੜੀਂਦਾ ਪਾਣੀ ਤੱਕ ਨਹੀਂ, ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ, ਪੰਜਾਬ ਦੀ ਨੌਜਵਾਨੀ ਜਾਂ ਤਾਂ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਜਾਂ ਫਿਰ ਉਨ੍ਹਾਂ ਦਾ ਵਿਦੇਸ਼ਾਂ ਵੱਲ ਪਰਵਾਸ ਤੇਜ਼ੀ ਨਾਲ ਵਧ ਰਿਹਾ ਹੈ। ਦੂਜੇ ਪਾਸੇ ਕੋਈ ਵੀ ਸਿਆਸੀ ਧਿਰ ਪਾਣੀ ਤੇ ਨਸ਼ਿਆਂ ਦੇ ਮੁੱਦੇ ਤੇ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਲਈ ਸੰਜੀਦਾ ਨਹੀਂ, ਜੋ ਕਿ ਵੱਡੀ ਚਿੰਤਾ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਅਸੀਂ ਸੂਬੇ ਦੇ ਪਿੰਡਾਂ ਦੀਆਂ ਸੱਥਾਂ ਜਾਂ ਜਨਤਕ ਤੌਰ ’ਤੇ ਲੋਕਾਂ ਵਿੱਚ ਵਿਚਰ ਕੇ ਪੰਜਾਬ ਦੇ ਅਸਲ ਮੁੱਦਿਆਂ ’ਤੇ ਸੰਵਾਦ ਰਚਾ ਕੇ ਲੋਕਾਂ ਨਾਲ ਮਸ਼ਵਰਾ ਕਰਾਂਗੇ ਕਿ ਇਨ੍ਹਾਂ ਗੰਭੀਰ ਮਸਲਿਆਂ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ। ਇਸ ਮੌਕੇ ਸਿਧਾਣਾ ਨੇ ਯਾਤਰਾ ਦਾ ਰੂਟ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਯਾਤਰਾ ਇੱਥੋਂ ਚੱਲ ਕੇ ਪਿੰਡ ਲੇਲੇਵਾਲਾ ਵਿੱਚ ਰੁਕੇਗੀ ਤੇ ਉਸ ਤੋਂ ਅੱਗੇ ਰੋਜ਼ਾਨਾ ਰੂਟ ਤੈਅ ਹੋਵੇਗਾ।