ਬਰਨਾਲਾ: ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰਨ ਲੱਖਾ ਸਿਧਾਣਾ ਵੀ ਪਹੁੰਚ ਗਿਆ ਹੈ। ਲੱਖਾ ਸਿਧਾਣਾ ਨੇ ਮਾਨ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।


ਗੈਂਗਸਟਰ ਤੋਂ ਆਮ ਜ਼ਿੰਦਗੀ ਵੱਲ ਪਰਤੇ ਲਖਬੀਰ ਸਿੰਘ ਉਰਫ਼ ਲੱਖਾ ਸਿਧਾਣਾ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਪ੍ਰਸ਼ੰਸਕ ਹਨ। ਲੱਖਾ ਸਿਧਾਣਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਗੱਡੀ ਵਿੱਚ ਬੈਠੀ ਪਾਠ ਕਰਨ ਦੇ ਡਰਾਮੇ ਰਹੀ ਹੈ ਤੇ ਕੋਈ ਗੱਡੀ 'ਤੇ ਰੱਖ ਕੇ ਖਾਣਾ ਖਾ ਰਿਹਾ ਹੈ ਪਰ ਇਹ ਪੰਜਾਬ ਦੇ ਮੁੱਦੇ ਨਹੀਂ। ਲੱਖਾ ਸਿਧਾਣਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਅਸਲ ਮੁੱਦੇ, ਪਾਣੀਆਂ ਤੇ ਭਾਸ਼ਾ ਆਦਿ ਨੂੰ ਆਪਣੇ ਚੋਣ ਮੁੱਦੇ ਨਹੀਂ ਬਣਾਇਆ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਉਮੀਦਵਾਰਾਂ ਦਾ ਹੀ ਸਾਥ ਦੇ ਰਹੇ ਹਨ ਜੋ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਹਨ। ਲੱਖਾ ਨੇ ਕਿਹਾ ਕਿ ਉਹ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਤੇ ਫ਼ਤਹਿਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਲਈ ਪ੍ਰਚਾਰ ਕਰਕੇ ਆਏ ਹਨ। ਹੁਣ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਲਈ ਪ੍ਰਚਾਰ ਕਰ ਰਹੇ ਹਨ।

ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੇ ਕਿਹਾ ਕਿ ਮਾਨ ਸੱਚ ਦੀ ਲੜਾਈ ਲੜਨ ਵਾਲੇ ਵਿਅਕਤੀ ਹਨ। ਇਸ ਲਈ ਉਹ ਉਨ੍ਹਾਂ ਦਾ ਸਾਥ ਦੇ ਰਹੇ ਹਨ। ਲੱਖਾ ਸਿਧਾਣਾ ਨੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਿਰੋਧ ਬਾਰੇ ਕਿਹਾ ਕਿ ਸ਼ਾਇਦ ਪੰਜਾਬੀਆਂ ਨੂੰ ਕੇਜਰੀਵਾਲ ਦਾ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣਾ ਰਾਸ ਨਹੀਂ ਆਇਆ।