ਸੰਗਰੂਰ: ਸਮਾਜ ਸੇਵੀ ਲੱਖਾ ਸਿਧਾਣਾ ਲੋਕ ਸਭਾ ਹਲਕੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਡਟ ਗਏ ਹਨ। ਉਹ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਚੋਣ ਲੜੀ ਸੀ।



ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਲੱਖਾ ਸਧਾਣਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਫੋਕੇ ਦਿਖਾਵੇ ਕੀਤੇ ਜਾ ਰਹੇ ਹਨ, ਕਿਉਂਕਿ ਜਦ ਇਹ ਸਤਾ ਵਿੱਚ ਸਨ, ਉਸ ਸਮੇਂ ਇਨ੍ਹਾਂ ਨੂੰ ਕਿਸੇ ਬੰਦੀ ਸਿੰਘ ਦੀ ਯਾਦ ਨਹੀਂ ਆਈ।

ਉਨ੍ਹਾਂ ਕਿਹਾ ਕਿ ਝਾੜੂ ਵਾਲੇ ਮੌਕਾ ਦਿਓ ਦਾ ਨਾਅਰਾ ਦੇ ਕੇ ਪੰਜਾਬੀਆਂ ਨੂੰ ਬੁੱਧੂ ਬਣਾ ਗਏ। ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਪੰਜਾਬੀਆਂ ਦਾ ‘ਆਪ’ ਤੋਂ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਮਾੜੇ ਹਾਲਾਤਾਂ ਲਈ ਵੀ ‘ਆਪ’ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਿਰਮਨਜੀਤ ਸਿੰਘ ਮਾਨ ਹੀ ਪੰਜਾਬੀ ਮਾਂ-ਬੋਲੀ, ਵਾਤਾਵਰਨ, ਪੰਜਾਬ ਦੇ ਪਾਣੀਆਂ, ਪੰਜਾਬ ਦੀ ਜਵਾਨੀ ਤੇ ਹੋਰ ਮੁੱਦੇ ਲੋਕ ਸਭਾ ਵਿੱਚ ਉਠਾ ਸਕਦੇ ਹਨ। 


ਸਿੱਧੂ ਮੂਸੇਵਾਲਾ ਪੂਰਾ ਪੰਥਕ ਸੀ, ਕਾਂਗਰਸ ਜਿੰਨੇ ਮਰਜ਼ੀ ਫੋਟੋ ਵਾਲੇ ਪੋਸਟਰ ਲਾ ਲਵੇ, ਉਸ ਦੀ ਤਸਵੀਰ ਸਾਡੇ ਦਿਲ 'ਚ: ਸਿਮਰਨਜੀਤ ਮਾਨ


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਜਿੰਨੇ ਮਰਜ਼ੀ ਪੋਸਟਰ ਲਾ ਲਵੇ, ਪਰ ਸਿੱਧੂ ਮੂਸੇਵਾਲਾ ਦੀ ਤਸਵੀਰ ਸਾਡੇ ਦਿਲ ਵਿੱਚ ਹੈ, ਜਿਸ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।

ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪੂਰਾ ਪੰਥਕ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਟਰੈਕਟਰ-ਟਰਾਲੀ ਲਿਆਵੇਗਾ ਤੇ ਮਸਤੂਆਣਾ ਸਾਹਿਬ ਤੋਂ ਉਨ੍ਹਾਂ ਨੂੰ ਬਿਠਾ ਕੇ ਨਾਮਜ਼ਦਗੀ ਪੱਤਰ ਭਰਾਉਣ ਲਈ ਲਿਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਮਾਇਤ ਦਾ ਵਾਅਦਾ ਕੀਤਾ ਸੀ ਪਰ ਉਸ ਤੋਂ ਇੱਕ ਦਿਨ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਗਿਆ।

ਦੱਸ ਦਈਏ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਕਾਂਗਰਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਦਾ ਸਹਾਰਾ ਲੈ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਚੋਣ ਗੀਤ ਰਿਲੀਜ਼ ਕੀਤਾ ਹੈ। ਇਸ ਵਿੱਚ ਮੂਸੇਵਾਲਾ ਦੀ ਲਾਸ਼ ਤੇ ਕਬਰ ਦੀ ਤਸਵੀਰ ਦਿਖਾਈ ਗਈ ਹੈ। ਗੀਤ ਵਿੱਚ ਕਿਹਾ ਗਿਆ ਹੈ ਕਿ ਜਿਸ ਦੇ ਪੁੱਤ ਨਹੀਂ ਮੁੜਦੇ, ਉਸ ਮਾਂ ਨੂੰ ਪੁੱਛੋ ਕਿ ਅਸੀਂ ਅਜਿਹੇ ਬਦਲਾਅ ਤੋਂ ਕੀ ਲੈਣਾ ਹੈ?