ਚੰਡੀਗੜ੍ਹ: ਸੂਬੇ ਵਿੱਚ ਬਿਹਤਰੀਨ ਸੜਕੀ ਸੰਪਰਕ ਤੇ ਸਰਬਪੱਖੀ ਆਰਥਿਕ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਚੇਅਰਮੈਨ ਡਾ. ਸੁਖਬੀਰ ਸਿੰਘ ਸੰਧੂ ਨਾਲ ਸੂਬੇ ਦੇ ਸੜਕ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵਿਚਾਰ-ਵਟਾਂਦਰਾ ਕੀਤਾ।

ਇਸ ਦੌਰਾਨ ਮੁੱਖ ਸਕੱਤਰ ਨੇ ਸਬੰਧਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਤਾਲਮੇਲ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ, ਜੋ ਐਨਐਚਏਆਈ ਦੇ ਪ੍ਰੋਜੈਕਟਾਂ ਨਾਲ ਸਬੰਧਤ ਮਸਲਿਆਂ ਦੇ ਜਲਦੀ ਹੱਲ ਤੇ ਇਨ੍ਹਾਂ ਪ੍ਰੋਜੈਕਟਾਂ ‘ਚ ਤੇਜ਼ੀ ਲਿਆਉਣ ਲਈ ਹਰ ਦੋ ਹਫ਼ਤਿਆਂ ਬਾਅਦ ਮੀਟਿੰਗ ਕਰੇਗੀ। ਉਨ੍ਹਾਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਪ੍ਰੋਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਸਬੰਧੀ ਮਸਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਕੰਮ ਅਕਤੂਬਰ-ਨਵੰਬਰ ਤੱਕ ਅਲਾਟ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤੇ ਸੂਬਾ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਸਣੇ ਉਸਾਰੀ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਹਰ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਨਐਚਏਆਈ ਵੱਲੋਂ ਮੌਜੂਦਾ ਚਹੁੰ-ਮਾਰਗੀ ਕੌਮੀ ਸ਼ਾਹਰਾਹਾਂ ਨੂੰ ਆਪਸ ਵਿੱਚ ਜੋੜਨ ਲਈ ਸਿਗਨਲ ਮੁਕਤ ਬਣਾਉਣ ਲਈ ਅਧਿਐਨ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਦੌਰਾਨ 12 ਨਵੇਂ ਪ੍ਰੋਜੈਕਟਾਂ ਮੋਗਾ-ਬਾਜਾਖਾਨਾ, ਬਠਿੰਡਾ-ਮੰਡੀ ਡੱਬਵਾਲੀ, ਅੰਮ੍ਰਿਤਸਰ-ਊਨਾ, ਅੰਮ੍ਰਿਤਸਰ-ਰਮਦਾਸ, ਮਲੋਟ-ਅਬੋਹਰ-ਸਾਧੂਵਾਲੀ, ਖਰੜ-ਬਨੂੜ-ਤੇਪਲਾ, ਅੰਮ੍ਰਿਤਸਰ ਬਾਈਪਾਸ, ਬਠਿੰਡਾ ਬਾਈਪਾਸ, ਜ਼ੀਰਕਪੁਰ ਬਾਈਪਾਸ-ਅੰਬਾਲਾ-ਪੰਚਕੂਲਾ, ਛੱਤ ਜੰਕਸ਼ਨ ਤੋਂ ਸਿੰਘਪੁਰਾ ਚੌਕ ਤੱਕ ਐਲੀਵੇਟਿਡ ਰੋਡ, ਫਗਵਾੜਾ-ਹੁਸ਼ਿਆਰਪੁਰ ਤੇ ਮਲੋਟ-ਡੱਬਵਾਲੀ ਬਾਰੇ ਚਰਚਾ ਕੀਤੀ ਗਈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904