Punjab News: ਸੁਖਬੀਰ ਬਾਦਲ (Sukhbir badal) ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਸਜ਼ਾ ਪੂਰੀ ਕਰ ਰਹੇ ਹਨ ਜਿਸ ਤੋਂ ਬਾਅਦ ਬਾਦਲ ਨੂੰ ਮਿਲੀ ਧਾਰਮਿਕ ਸਜ਼ਾ ਖ਼ਤਮ ਹੋ ਜਾਵੇਗੀ ਪਰ ਇਸ ਦੌਰਾਨ ਪੰਥਕ ਵਿੱਚ ਰੱਫੜ ਹੋਰ ਜ਼ਿਆਦਾ ਵਧ ਗਿਆ ਹੈ। ਨਰਾਇਣ ਸਿੰਘ ਚੌੜਾ (Narayan singh Chaura) ਨੂੰ ਪੰਥ ਚੋਂ ਛੇਕਣ ਦੀ ਮੰਗ ਤੋਂ ਬਾਅਦ ਹੁਣ ਕੁਝ ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਮੰਗ ਕੀਤੀ ਹੈ। ਉਧਰ ਕਤਲ ਦੀ ਕੋਸ਼ਿਸ਼ ਮਾਮਲੇ ਵਿੱਚ ਅਕਾਲੀ ਦਲ ਆਪ ਸਰਕਾਰ ਤੇ ਪੁਲਿਸ ਪੁਲਿਸ ਉੱਤੇ ਵੀ ਵੱਡੇ ਸਵਾਲ ਚੁੱਕ ਰਿਹਾ ਹੈ।
ਦੱਸ ਦਈਏ ਕਿ ਸੁਖਬੀਰ ਬਾਦਲ ਅੱਜ ਆਪਣੀ ਧਾਰਮਿਕ ਸਜ਼ਾ ਤਹਿਤ ਸ੍ਰੀ ਮੁਕਤਸਰ ਸਾਹਿਬ ਪੁੱਜੇ ਹਨ,, ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੇਵਾਦਾਰ ਦਾ ਚੌਲਾ ਪਾ ਕੇ ਸੇਵਾ ਨਿਭਾਈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਬਰਤਨ ਸਾਫ਼ ਕਰਨ ਅਤੇ ਕੀਰਤਨ ਸਰਵਣ ਕਰਨ ਦਾ ਹੁਕਮ ਹੈ। ਅੱਜ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੀ ਸਜ਼ਾ ਦੇ 10 ਦਿਨ ਪੂਰੇ ਹੋ ਜਾਣਗੇ। ਇਸ ਦੌਰਾਨ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ।
ਦੱਸ ਦਈਏ ਕਿ ਤਨਖਾਹ ਪੂਰੀ ਹੋਣ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਕੜਾਹ ਪ੍ਰਸ਼ਾਦਿ ਤਿਆਰ ਕਰਵਾਕੇ ਨਿਮਾਣੇ ਸਿੱਖ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਭੁੱਲ ਬਖਸਾਉਣ ਲਈ ਅਰਦਾਸ ਕਰਵਾਉਣਗੇ। ਇਸ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਪੂਰਾ ਮੰਨਿਆ ਜਾਵੇਗਾ।
ਰਿਮਾਂਡ ਉੱਤੇ ਨਰਾਇਣ ਸਿੰਘ ਚੌੜਾ
ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ ਅਜੇ ਵੀ ਪੁਲਿਸ ਹਿਰਾਸਤ 'ਚ ਹੈ। ਪੁਲਿਸ ਨੇ ਉਸ ਨੂੰ 5 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਤੋਂ ਬਾਅਦ ਚੌੜਾ ਦੋ ਵਾਰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋ ਚੁੱਕਾ ਹੈ।
ਪੰਜਾਬ ਪੁਲਿਸ ਉੱਤੇ ਵੱਡੇ ਸਵਾਲ ਚੁੱਕ ਰਹੇ ਨੇ ਬਿਕਰਮ ਮਜੀਠੀਆ
ਓਧਰ ਦੂਜੇ ਪਾਸੇ ਆਗੂ ਬਿਕਰਮ ਮਜੀਠੀਆ ਵਾਰ-ਵਾਰ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਦੀ ਐਫਆਈਆਰ ਤੇ ਜਾਂਚ ‘ਤੇ ਸਵਾਲ ਉਠਾ ਰਹੇ ਹਨ। ਬਿਕਰਮ ਮਜੀਠੀਆ ਨੇ 10 ਦੇ ਕਰੀਬ ਵੀਡੀਓ ਮੀਡੀਆ ਸਾਹਮਣੇ ਪੇਸ਼ ਕੀਤੇ ਹਨ ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਹੈ ਕਿ ਨਰਾਇਣ ਸਿੰਘ ਚੌੜਾ ਇਕੱਲਾ ਨਹੀਂ ਸੀ। ਉਸ ਦੇ ਨਾਲ ਦੇਖਿਆ ਗਿਆ ਇਕ ਹੋਰ ਵਿਅਕਤੀ ਬਾਬਾ ਧਰਮਾ ਸੀ, ਜੋ ਖ਼ੁਦ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ, ਜਦਕਿ ਇਕ ਹੋਰ ਵਿਅਕਤੀ ਵੀ ਇਸ ਮਾਮਲੇ ਵਿਚ ਸ਼ਾਮਲ ਹੈ।
ਮਜੀਠੀਆ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਜਾਂਚ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਬਿਕਰਮ ਮਜੀਠੀਆ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ 13 ਪੰਨਿਆਂ ਦੀ ਚਿੱਠੀ ਲਿਖੀ ਹੈ ਜਿਸ ਵਿੱਚ ਉਸ ਨੇ ਐਸਪੀ ਹਰਪਾਲ ਸਿੰਘ ਰੰਧਾਵਾ ਖ਼ਿਲਾਫ਼ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ। ਇਸੇ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦੀ ਜਾਂਚ ਨੂੰ ਰੱਦ ਕਰ ਦਿੱਤਾ ਗਿਆ ਹੈ।