Bambiha vs Lawrence Bishnoi: ਬੰਬੀਹਾ ਗੈਂਗ ਇਨ੍ਹੀਂ ਦਿਨੀਂ ਦਿੱਲੀ ਦੇ ਰਾਣੀ ਬਾਗ ਇਲਾਕੇ 'ਚ ਇੱਕ ਵਪਾਰੀ ਤੋਂ 10 ਕਰੋੜ ਰੁਪਏ ਦੀ ਵਸੂਲੀ ਕਰਨ ਅਤੇ ਫਿਰ ਉਸ ਦੇ ਘਰ 'ਤੇ ਕਰੀਬ ਅੱਠ ਰਾਊਂਡ ਫਾਇਰਿੰਗ ਕਰਕੇ ਸੁਰਖੀਆਂ 'ਚ ਹੈ। ਜਾਂਚ ਏਜੰਸੀ ਬੰਬੀਹਾ ਸਿੰਡੀਕੇਟ ਦੇ ਸੰਚਾਲਕਾਂ ਤੇ ਮੈਂਬਰਾਂ ਦੀ ਪਛਾਣ ਕਰ ਰਹੀ ਹੈ ਤੇ ਉਨ੍ਹਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਇਹ ਗਿਰੋਹ ਵੱਖ-ਵੱਖ ਇਲਾਕਿਆਂ 'ਚ ਗੋਲੀਬਾਰੀ ਅਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਾਣਿਆ ਜਾਂਦਾ ਹੈ। ਇਸ ਦੌਰਾਨ ਜਾਂਚ ਏਜੰਸੀ ਨੇ ਬੰਬੀਹਾ ਗਰੋਹ ਦੇ 100 ਤੋਂ ਵੱਧ ਮੈਂਬਰਾਂ ਦੇ ਟਿਕਾਣਿਆਂ ਅਤੇ ਉਨ੍ਹਾਂ ਦੇ ਸੰਚਾਲਨ ਦੇ ਖੇਤਰਾਂ ਦਾ ਪਤਾ ਲਗਾਇਆ ਹੈ।



ਲਾਰੈਂਸ ਬਿਸ਼ਨੋਈ ਗੈਂਗ ਦੇ ਵਿਰੋਧੀ ਬੰਬੀਹਾ ਗੈਂਗ 'ਤੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਡੋਜ਼ੀਅਰ ਦੇ ਅਨੁਸਾਰ, ਭਾਰਤ ਵਿਚ ਇਸ ਦਾ ਸੰਚਾਲਨ ਮੁਖੀ ਕੌਸ਼ਲ ਚੌਧਰੀ ਅਤੇ ਉਸ ਦਾ ਸਾਥੀ ਅਮਿਤ ਡਾਗਰ ਹੈ, ਜੋ ਗੁੜਗਾਓਂ ਅਤੇ ਹਰਿਆਣਾ ਦੇ ਹੋਰ ਹਿੱਸਿਆਂ ਦਾ ਇੰਚਾਰਜ ਹੈ। ਜੇਲ੍ਹ ਵਿੱਚ ਬੰਦ ਗੈਂਗਸਟਰ ਨੀਰਜ ਬਵਾਨਾ ਤੇ ਉਸ ਦੇ ਸਾਥੀ ਨਵੀਨ ਬਾਲੀ ਸਮੇਤ, ਮੁੱਖ ਤੌਰ 'ਤੇ ਬਾਹਰੀ ਦਿੱਲੀ ਅਤੇ ਰੋਹਿਣੀ ਖੇਤਰਾਂ ਵਿੱਚ ਕੰਮ ਕਰਦੇ ਹਨ।


ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ, ਪੁਲਿਸ ਦੇ ਇੱਕ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, "ਯਮੁਨਾਨਗਰ, ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕੇ ਭੁੱਪੀ ਰਾਣਾ ਦੇ ਕਬਜ਼ੇ ਵਿੱਚ ਹਨ। ਸੁਖਪ੍ਰੀਤ ਬੁੱਢਾ ਬਾਕੀ ਪੰਜਾਬ ਦੀ ਦੇਖ-ਰੇਖ ਕਰਦਾ ਹੈ। ਇਸ ਗਿਰੋਹ ਦਾ ਇੱਕ ਮੈਂਬਰ ਕੈਨੇਡਾ ਦਾ ਅਰਸ਼ਦੀਪ ਸਿੰਘ ਗਿੱਲ ਹੈ, ਜੋ ਪਟਿਆਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ


ਦਵਿੰਦਰ ਦੀ ਮੌਤ ਤੋਂ ਬਾਅਦ ਕਿਸਨੇ ਸੰਭਾਲੀ ਗੈਂਗ ਦੀ ਕਮਾਨ?


ਪੁਲਿਸ ਦਸਤਾਵੇਜ਼ ਵਿੱਚ ਦੱਸਿਆ ਗਿਆ ਸੀ ਕਿ ਇਸ ਗਰੋਹ ਦਾ ਸਰਗਨਾ ਦਵਿੰਦਰ ਪ੍ਰਸਿੱਧ ਕਬੱਡੀ ਖਿਡਾਰੀ ਸੀ ਪਰ ਫਿਰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਜੇਲ੍ਹ ਚਲਾ ਗਿਆ। ਜੇਲ੍ਹ ਵਿੱਚ ਹੀ ਦਵਿੰਦਰ ਬੰਬੀਹਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ ਅਤੇ ਇੱਥੇ ਉਸ ਦੀ ਕਈ ਗੈਂਗਸਟਰਾਂ ਨਾਲ ਜਾਣ-ਪਛਾਣ ਹੋ ਗਈ। ਦਵਿੰਦਰ ਬੰਬੀਹਾ ਦੀ ਸਤੰਬਰ 2016 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੌਸ਼ਲ ਚੌਧਰੀ ਇਸ ਗੈਂਗ ਦਾ ਹਿੱਸਾ ਬਣ ਗਿਆ ਸੀ।


ਮੁਕਾਬਲੇ ਵਿੱਚ ਮਾਰੇ ਜਾਣ ਤੋਂ ਪਹਿਲਾਂ ਦਵਿੰਦਰ ਨੇ ਕੌਸ਼ਲ ਚੌਧਰੀ ਤੇ ਅਮਿਤ ਡਾਗਰ ਨੂੰ ਗੁੜਗਾਓਂ ਵਿੱਚ ਪਨਾਹ ਦਿੱਤੀ ਅਤੇ ਭਵਿੱਖ ਲਈ ਗੈਂਗ ਨੂੰ ਮਜ਼ਬੂਤ ​​ਕਰਨ ਦੀ ਨੀਂਹ ਰੱਖੀ। ਦਵਿੰਦਰ ਦੀ ਮੌਤ ਤੋਂ ਬਾਅਦ ਰੋਹਿਣੀ ਜੇਲ 'ਚ ਬੰਦ ਡਾਗਰ ਨੇ ਵਟਸਐਪ ਰਾਹੀਂ ਲੱਕੀ ਪਟਿਆਲ ਨਾਲ ਸੰਪਰਕ ਕੀਤਾ ਤੇ ਗਰੋਹ ਨੂੰ ਹੋਰ ਮਜ਼ਬੂਤ ​​ਕੀਤਾ। ਸੰਗਰੂਰ ਜੇਲ੍ਹ ਵਿੱਚ ਕੌਸ਼ਲ ਚੌਧਰੀ ਬੰਬੀਹਾ ਗਰੋਹ ਦੇ ਮੁੱਖ ਸਰਗਨਾ ਫਤਿਹ ਨਗਰੀ ਦੇ ਸੰਪਰਕ ਵਿੱਚ ਆਇਆ ਅਤੇ ਮਿਲ ਕੇ ਕੰਮ ਕਰਨ ਲਈ ਰਾਜ਼ੀ ਹੋ ਗਿਆ।


ਐਨਆਈਏ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, ਇਸ ਤੋਂ ਬਾਅਦ ਨੀਰਜ ਬਵਾਨਾ/ਨਵੀਨ ਬਾਲੀ, ਟਿੱਲੂ ਤਾਜਪੁਰੀਆ ਗੈਂਗ, ਸੁਨੀਲ ਰਾਠੀ ਗੈਂਗ ਅਤੇ ਉੱਤਰ-ਪੂਰਬੀ ਦਿੱਲੀ ਦੇ ਚੇਨੂ ਪਹਿਲਵਾਨ ਗੈਂਗ ਸਮੇਤ ਵੱਖ-ਵੱਖ ਗੈਂਗ ਦੇ ਮੈਂਬਰਾਂ ਨੇ ਬੰਬੀਹਾ ਗੈਂਗ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਉਦੇਸ਼ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਲਾਰੈਂਸ ਬਿਸ਼ਨੋਈ-ਕਾਲਾ ਜਥੇੜੀ ਅੱਤਵਾਦੀ ਗੈਂਗਸਟਰ ਸਿੰਡੀਕੇਟ ਦੇ ਵਧ ਰਹੇ ਪ੍ਰਭਾਵ ਨੂੰ ਨੱਥ ਪਾਉਣਾ ਸੀ।



ਦਿੱਲੀ, ਹਰਿਆਣਾ, ਰਾਜਸਥਾਨ ਵਿੱਚ ਵਧੀ ਕੁਨੈਕਟੀਵਿਟੀ


ਪੁਲਿਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ, "2021 ਤੱਕ, ਬੰਬੀਹਾ ਗੈਂਗ ਦੇ ਮੁੱਖ ਸਾਥੀ ਦਿੱਲੀ, ਹਰਿਆਣਾ, ਰਾਜਸਥਾਨ ਸਮੇਤ ਵੱਖ-ਵੱਖ ਖੇਤਰਾਂ ਦੇ ਗੈਂਗ ਦੇ ਸੰਪਰਕ ਵਿੱਚ ਆਏ ਸਨ। ਆਪਣੇ ਪ੍ਰਭਾਵ ਅਤੇ ਕਾਰਵਾਈਆਂ ਦੇ ਖੇਤਰ ਨੂੰ ਵਧਾਉਣ ਦੇ ਇਰਾਦੇ ਨਾਲ, ਉਹ ਆਪਣੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸਨ। ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਸੀ, ਉਨ੍ਹਾਂ ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।


ਮਾਰਚ 2021 ਵਿੱਚ ਬੰਬੀਹਾ ਸਿੰਡੀਕੇਟ ਨੇ ਥਾਈਲੈਂਡ ਤੋਂ ਆਪਣੇ ਸਾਥੀ ਦਿਨੇਸ਼ ਗਾਂਧੀ ਦੁਆਰਾ ਰਚੀ ਗਈ ਇੱਕ ਯੋਜਨਾ ਅਨੁਸਾਰ ਦੋਹਰੇ ਕਤਲ ਨੂੰ ਅੰਜਾਮ ਦਿੱਤਾ। ਇਸੇ ਸਾਲ ਅਗਸਤ ਵਿੱਚ ਬੰਬੀਹਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜਤਿੰਦਰ ਗੋਗੀ ਨੂੰ ਰੋਹਿਣੀ ਅਦਾਲਤ ਵਿੱਚ ਸ਼ਰੇਆਮ ਗੋਲੀ ਮਾਰ ਦਿੱਤੀ ਗਈ ਸੀ।


ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਵਿਚਕਾਰ ਗੈਂਗਵਾਰ


ਬੰਬੀਹਾ ਗੈਂਗ ਨੇ ਮਾਰਚ 2022 ਵਿੱਚ ਕਬੱਡੀ ਖਿਡਾਰੀ ਸੰਦੀਪ ਅੰਬੀਆ ਦਾ ਕਤਲ ਕਰ ਦਿੱਤਾ ਸੀ। ਮਈ 2022 ਵਿੱਚ ਬਿਸ਼ਨੋਈ ਨੇ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਬੰਬੀਹਾ ਨੇ ਜਵਾਬੀ ਕਾਰਵਾਈ ਕੀਤੀ ਅਤੇ ਚਾਰ ਮਹੀਨੇ ਬਾਅਦ ਉਸੇ ਸਾਲ ਸਤੰਬਰ ਵਿੱਚ ਰਾਜਸਥਾਨ ਵਿੱਚ ਸੰਦੀਪ ਬਿਸ਼ਨੋਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।


ਜਨਵਰੀ 2024 ਵਿੱਚ ਬੰਬੀਹਾ ਨੇ ਬਿਸ਼ਨੋਈ ਗੈਂਗ ਦੇ ਸਰਗਨਾ ਰਾਜਨ ਨੂੰ ਅਗਵਾ ਕਰ ਲਿਆ ਸੀ ਤੇ ਯਮੁਨਾ ਨਗਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬੰਬੀਹਾ ਗੈਂਗ ਦੇ ਲੋਕਾਂ ਨੇ ਰਾਜਨ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਗੋਲੀ ਮਾਰਨ ਤੋਂ ਪਹਿਲਾਂ ਅੱਗ ਲਾ ਦਿੱਤੀ। ਅਜਿਹਾ ਬਿਸ਼ਨੋਈ ਅਤੇ ਉਸ ਦੇ ਗੁੰਡਿਆਂ ਨੂੰ ਸੁਨੇਹਾ ਦੇਣ ਲਈ ਕੀਤਾ ਗਿਆ ਸੀ।