Lawrence Bishnoi: ਜਦੋਂ ਉਹ ਪੁਲਿਸ ਹਿਰਾਸਤ 'ਚ ਆਉਂਦਾ-ਜਾਂਦਾ ਹੈ ਤਾਂ ਵੀ ਮੁੱਛਾਂ ਚੜ੍ਹਾਉਂਦੇ ਨਜ਼ਰ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਰੋਲ ਮਾਡਲ ਮੰਨਦਾ ਹੈ ਅਤੇ ਜੇਲ੍ਹ ਦੀਆਂ ਕੰਧਾਂ 'ਤੇ ਉਨ੍ਹਾਂ ਦੇ ਪੋਸਟਰ ਵੀ ਲਗਾਉਂਦਾ ਹੈ। ਸੋਸ਼ਲ ਮੀਡੀਆ 'ਤੇ ਸਰਚ ਕਰਨ 'ਤੇ ਅਣਗਿਣਤ ਅਕਾਊਂਟ, ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਉਣ ਲੱਗਦੀਆਂ ਹਨ। ਫਾਲੋਅਰਸ ਦੀ ਗਿਣਤੀ ਹਜ਼ਾਰਾਂ 'ਚ ਹੈ। ਉਂਜ ਜੇਕਰ ਦੂਜੇ ਪਾਸੇ ਨਜ਼ਰ ਮਾਰੀਏ ਤਾਂ 29 ਸਾਲ ਦੀ ਉਮਰ 'ਚ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਕਤਲ, ਫਿਰੌਤੀ ਅਤੇ ਹੁਣ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਜੇਲ੍ਹ ਅੰਦਰੋਂ ਕਤਲ ਦੇ ਮਾਮਲੇ 'ਚ ਨਾਂਅ ਸਾਹਮਣੇ ਆਇਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਲਾਰੈਂਸ ਬਿਸ਼ਨੋਈ ਦੀ।


ਬੀਤੇ ਐਤਵਾਰ ਨੂੰ ਮਾਨਸਾ ਦੇ ਪਿੰਡ ਜਵਾਹਰਕੇ 'ਚ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ। ਮਹਿੰਦਰਾ ਥਾਰ 'ਚ ਜਾ ਰਹੇ ਸਿੱਧੂ ਮੂਸੇਵਾਲਾ 'ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਉਨ੍ਹਾਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ 'ਤੇ ਲਗਭਗ 30 ਗੋਲੀਆਂ ਚਲਾਈਆਂ ਗਈਆਂ। ਇਸ ਕਤਲ ਤੋਂ ਬਾਅਦ ਪੂਰੇ ਪੰਜਾਬ 'ਚ ਹੜਕੰਪ ਮੱਚ ਗਿਆ ਹੈ। ਜਿੱਥੇ ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ, ਉੱਥੇ ਹੀ ਪੁਲਿਸ ਇਸ ਨੂੰ ਆਪਸੀ ਦੁਸ਼ਮਣੀ ਦਾ ਮਾਮਲਾ ਦੱਸ ਰਹੀ ਹੈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਸਿੱਧੂ ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਹਨ। ਇਸ ਕਤਲ ਦੇ ਕੁਝ ਸਮੇਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਦਾ ਖ਼ਾਸ ਸਹਿਯੋਗੀ ਹੈ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ 1993 ਵਿੱਚ ਪੈਦਾ ਹੋਏ ਲਾਰੈਂਸ ਬਿਸ਼ਨੋਈ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਪੂਰੀ ਕੀਤੀ ਹੈ। ਲਾਰੈਂਸ ਦੇ ਪਿਤਾ ਹਰਿਆਣਾ ਪੁਲਿਸ 'ਚ ਕਾਂਸਟੇਬਲ ਰਹਿ ਚੁੱਕੇ ਹਨ। ਪੰਜਾਬ ਯੂਨੀਵਰਸਿਟੀ 'ਚ ਪੜ੍ਹਦਿਆਂ ਇੱਥੇ ਹੀ ਉਸ ਨੇ ਵਿਦਿਆਰਥੀ ਰਾਜਨੀਤੀ 'ਚ ਵੀ ਹੱਥ ਅਜ਼ਮਾਇਆ। ਇੱਥੇ ਹੀ ਉਸ ਦੀ ਮੁਲਾਕਾਤ ਗੋਲਡੀ ਬਰਾੜ ਨਾਲ ਹੋਈ। ਉਸ ਨੇ ਇੱਥੇ ਵਿਦਿਆਰਥੀ ਯੂਨੀਅਨ ਦੀ ਚੋਣ ਲੜੀ ਸੀ ਪਰ ਹਾਰ ਗਿਆ ਸੀ। ਇਸ ਤੋਂ ਬਾਅਦ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਲਾਰੈਂਸ ਵਿਦਿਆਰਥੀ ਨੇਤਾ ਤੋਂ ਅਪਰਾਧ ਦੀ ਦੁਨੀਆਂ ਦਾ ਇੱਕ ਵੱਡਾ ਚਿਹਰਾ ਬਣ ਗਿਆ।


ਜਾਣਕਾਰੀ ਮੁਤਾਬਕ ਇਸ ਸਮੇਂ ਲਾਰੈਂਸ ਬਿਸ਼ਨੋਈ ਦੇ ਗੈਂਗ 'ਚ 700 ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ। ਇਨ੍ਹਾਂ 'ਚ ਬਦਨਾਮ ਗੈਂਗਸਟਰਾਂ ਤੋਂ ਲੈ ਕੇ ਪ੍ਰੋਫ਼ੈਸ਼ਨਲ ਸ਼ੂਟਰ ਆਦਿ ਭਰੇ ਪਏ ਹਨ। ਲਾਰੈਂਸ ਦੀ ਦਹਿਸ਼ਤ ਪੰਜਾਬ 'ਚ ਹੀ ਨਹੀਂ ਸਗੋਂ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ 'ਚ ਫੈਲੀ ਹੋਈ ਹੈ। ਇਨ੍ਹਾਂ ਦਾ ਕੰਮ ਸ਼ਰਾਬ ਮਾਫੀਆ, ਪੰਜਾਬੀ ਗਾਇਕਾਂ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਤੋਂ ਪੈਸਾ ਵਸੂਲਣਾ ਹੈ।


ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਇਸ ਸਮੇਂ ਤਿਹਾੜ ਜੇਲ੍ਹ 'ਚ ਬੰਦ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜੇਲ 'ਚ ਰਹਿ ਕੇ ਵੀ ਉਹ ਆਪਣਾ ਗੈਂਗ ਚਲਾ ਰਿਹਾ ਹੈ। ਉਹ ਇੱਥੋਂ ਹੁਕਮ ਜਾਰੀ ਕਰਦਾ ਹੈ ਅਤੇ ਜੁਰਮਾਂ ਨੂੰ ਅੰਜਾਮ ਦਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦਾ ਸਬੰਧ ਦਿੱਲੀ ਦੀ ਤਿਹਾੜ ਜੇਲ੍ਹ ਨਾਲ ਵੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਜਲਦ ਹੀ ਇਸ ਮਾਮਲੇ 'ਚ ਲਾਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਸਕਦੀ ਹੈ।