Punjab News: ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ: ਅਮਨਦੀਪ ਕੌਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ ਅਤੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਮਾਣਹਾਨੀ ਦੇ ਆਧਾਰ 'ਤੇ ਭੇਜਿਆ ਗਿਆ ਸੀ। ਕਿਉਂਕਿ ਦੋਵਾਂ ਨੇ ਵਿਧਾਇਕ ਅਮਨਦੀਪ ਕੌਰ 'ਤੇ ਹਸਪਤਾਲ ਦਾ ਏਸੀ ਆਪਣੀ ਕੋਠੀ ਵਿੱਚ ਲਾਉਣ ਦੇ ਆਰੋਪ ਲਾਏ ਸਨ।
ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਹਾਲ ਹੀ ਵਿੱਚ ਵਿਧਾਇਕ ਅਮਨਦੀਪ ਕੌਰ ’ਤੇ ਹਸਪਤਾਲ ਦਾ ਏਸੀ ਆਪਣੀ ਕੋਠੀ ਵਿੱਚ ਲਾਉਣ ਦਾ ਇਲਜ਼ਾਮ ਲਾਇਆ ਸੀ। ਇਸ ਤੋਂ ਬਾਅਦ ਲੱਖਾ ਸਿਧਾਣਾ ਵੀ ਲੂੰਬਾ ਦੇ ਸਮਰਥਨ 'ਚ ਸਾਹਮਣੇ ਆਇਆ ਸੀ। ਹਾਲਾਂਕਿ ਦੋਵੇਂ ਅਜੇ ਵੀ ਵਿਧਾਇਕ ਵੱਲੋਂ ਸਰਕਾਰੀ ਏ.ਸੀ. ਕੋਠੀ ਵਿੱਚ ਲਗਾਏ ਜਾਣ ਦੇ ਦੋਸ਼ਾਂ ਨੂੰ ਸਹੀ ਠਹਿਰਾ ਰਹੇ ਹਨ।
ਜਾਂਚ ਦੌਰਾਨ ਵਿਧਾਇਕਾ ਨੂੰ ਦਿੱਤੀ ਗਈ ਕਲੀਨ ਚਿੱਟ
ਜ਼ਿਕਰ ਕਰ ਦਈਏ ਕਿ ਮਾਮਲੇ ਦੀ ਜਾਂਚ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ.) ਨੇ ਕੀਤੀ। ਉਨ੍ਹਾਂ ਨੇ ਵਿਧਾਇਕ ਅਮਨਦੀਪ ਕੌਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 3 ਜੂਨ ਨੂੰ ਮੋਗਾ ਵਿਖੇ ਭਾਰੀ ਇਕੱਠ ਹੋਇਆ ਸੀ। ਇੱਥੇ ਲੱਖਾ ਸਿਧਾਣਾ ਵੱਲੋਂ ਵਿਧਾਇਕ ਡਾ: ਅਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਖ਼ਿਲਾਫ਼ ਸਬੂਤ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।
ਕੀ ਹੈ ਪੂਰਾ ਮਾਮਲਾ
ਮੋਗਾ ਦੇ ਸਾਬਕਾ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਲੂੰਬਾ ਨੇ ਕਿਹਾ ਕਿ ਉਨ੍ਹਾਂ ਨੂੰ ਮੋਗਾ ਤੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਨ੍ਹਾਂ ਕੋਲ ਮੋਗਾ ਦੇ ਸਿਵਲ ਹਸਪਤਾਲ ‘ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕਈ ਸਬੂਤ ਸਨ। ਲੂੰਬਾ ਨੇ ਵਿਧਾਇਕ ਅਮਨਦੀਪ ‘ਤੇ ਦੋਸ਼ ਲਾਇਆ ਕਿ ਵਿਧਾਇਕ ਦੀ ਰਿਹਾਇਸ਼ ‘ਚ ਸਿਵਲ ਹਸਪਤਾਲ ਦੇ ਏਅਰ ਕੰਡੀਸ਼ਨਰ (ਏਸੀ) ਲਗਾਏ ਗਏ ਹਨ। ਇਸ ਤੋਂ ਬਾਅਦ ਵਿਰੋਧੀਆਂ ਵੱਲੋਂ ਵੀ ਇਸ ਮਾਮਲੇ ਨੂੰ ਬੜੇ ਹੀ ਉਤਸ਼ਾਹ ਨਾਲ ਚੁੱਕਿਆ ਗਿਆ ਜਿਸ ਵਿੱਚ ਲੱਖਾ ਸਿਧਾਣਾ ਨੇ ਹਮਲਾਵਰ ਰੁਖ਼ ਅਪਣਾਇਆ ਸੀ ਜਿਸ ਤੋਂ ਬਾਅਦ ਹੁਣ ਵਿਧਾਇਕਾ ਵੱਲੋਂ ਲੂੰਬਾ ਤੇ ਲੱਖਾ ਸਿਧਾਣਾ ਖ਼ਿਲਾਫ਼ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।