Jalandhar News: ਧੋਖੇਬਾਜ਼ ਟਰੈਵਲ ਏਜੰਟਾਂ ਦੀ ਸ਼ਾਮਤ ਆ ਗਈ ਹੈ। ਪੰਜਾਬ ਸਰਕਾਰ ਦੀਆਂ ਹਦਾਇਦਾਂ ਮਗਰੋਂ ਪ੍ਰਸਾਸ਼ਨ ਨੇ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਵਿੱਚ ਹਰ ਟਰੈਵਲ ਏਜੰਟ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਟਰੈਵਲ ਏਜੰਟਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ। ਇਹ ਕਾਰਵਾਈ ਤਕਰੀਬਨ ਹਰ ਜ਼ਿਲ੍ਹੇ ਵਿੱਚ ਹੋ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿੱਚ 20 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। 


ਦੱਸ ਦਈਏ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ ਛੇ ਕੇਸ ਦਰਜ ਹੋਣ ਮਗਰੋਂ ਪ੍ਰਸਾਸ਼ਨ ਹੋਰ ਏਜੰਟਾਂ ਖਿਲਾਫ ਵੀ ਕਾਰਵਾਈ ਕਰਨ ਵਿੱਚ ਜੁੱਟ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਦੀਆਂ ਸਮੂਹ ਛੇ ਸਬ-ਡਿਵੀਜ਼ਨਾਂ ਵਿੱਚ ਇਮੀਗ੍ਰੇਸ਼ਨ ਫਰਮਾਂ ਦੀ ਪੜਤਾਲ ਲਈ ਚਾਰ ਮੈਂਬਰੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। 



ਹਾਸਲ ਜਾਣਕਾਰੀ ਮੁਤਾਬਕ ਹਰ ਸਬ-ਡਿਵੀਜ਼ਨ ਵਿੱਚ ਚਾਰ ਮੈਂਬਰੀ ਟੀਮ ਹੋਵੇਗੀ, ਜਿਸ ਵਿੱਚ ਐਸਡੀਐਮ, ਡੀਐਸਪੀ, ਥਾਣਾ ਮੁਖੀ ਤੇ ਤਹਿਸੀਲਦਾਰ ਮੈਂਬਰ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਸਬੰਧਤ ਟੀਮਾਂ ਨੂੰ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਾਰੀਆਂ ਇਮੀਗ੍ਰੇਸ਼ਨ ਫਰਮਾਂ ਦੇ ਦਫ਼ਤਰਾਂ ਵਿੱਚ ਜਾ ਕੇ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਫਰਮਾਂ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਵਿਅਕਤੀ ਇਮੀਗ੍ਰੇਸ਼ਨ ਫਰਮਾਂ ਹੱਥੋਂ ਕਿਸੇ ਕਿਸਮ ਦੀ ਧੋਖਾਧੜੀ ਦਾ ਸ਼ਿਕਾਰ ਨਾ ਹੋ ਸਕੇ। 


ਸਾਰੰਗਲ ਨੇ ਸਮੂਹ ਐਸਡੀਐਮਜ਼ ਨੂੰ ਜ਼ਿਲ੍ਹੇ ਵਿੱਚ ਇਮੀਗ੍ਰੇਸ਼ਨ/ਟਰੈਵਲ ਕੰਸਲਟੈਂਟਾਂ ਦੀ ਤੁਰੰਤ ਜਾਂਚ ਸ਼ੁਰੂ ਕਰਨ ਤੇ ਆਪਣੀ ਚੈਕਿੰਗ ਰਿਪੋਰਟ 10 ਜੁਲਾਈ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ, ਜਿਸ ਮਗਰੋਂ ਇੱਕ ਸਾਂਝੀ ਰਿਪੋਰਟ ਸੂਬਾ ਸਰਕਾਰ ਕੋਲ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।



ਬਠਿੰਡਾ ਵਿੱਚ 20 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ
ਬਠਿੰਡਾ ਵਿੱਚ ਵੀ ਪ੍ਰਸਾਸ਼ਨ ਨੇ ਐਕਸ਼ਨ ਲਿਆ ਹੈ। ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਐਕਟ ਤਹਿਤ ਜਾਰੀ ਲਾਇਸੈਂਸਾਂ ’ਚੋਂ ਸ਼ਿਕਾਇਤਾਂ ਮਿਲਣ ਮਗਰੋਂ ਸਾਲ 2020, 22 ਤੇ 23 ਦੌਰਾਨ ਕੁੱਲ 20 ਲਾਇਸੈਂਸ ਰੱਦ ਕੀਤੇ ਹਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਨੁਸਾਰ ਫਰਮ ਵੈਟਰਨ ਕੰਸਲਟੈਂਸੀ ਬਠਿੰਡਾ, ਪ੍ਰਾਈਮ ਐਜੂਕੇਸ਼ਨ ਐਂਡ ਇਮੀਗਰੇਸ਼ਨ ਕੰਸਲਟੈਂਸੀ ਬਠਿੰਡਾ, ਟਰੈਵਲਜ਼ ਏਜੰਟ ਐਂਡ ਟਰੈਵਲ ਏਜੰਸੀ, ਇਜ਼ੀਵੀਜ਼ਾ ਸਰਵਸਿਜ਼, ਸਾਈਂ ਟਰੈਵਲਜ਼ ਰਾਮਪੁਰਾ ਫੂਲ ਤੇ ਕੰਵਰ ਕੰਸਲਟੈਂਸੀ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਕੈਜ਼ੂਅਲ ਪਲੱਸ ਇਮੀਗ੍ਰੇਸ਼ਨ ਅਜੀਤ ਰੋਡ, ਰੀਤ ਇਮੀਗ੍ਰੇਸ਼ਨ ਸਰਵਸਿਜ਼ ਬਠਿੰਡਾ, ਵਨ ਸਟੈਂਪ ਮੇਨ ਅਜੀਤ ਰੋਡ ਸਾਹਮਣੇ ਡਾ. ਕਾਲੜਾ ਬਠਿੰਡਾ ਤੇ ਜੋੜਾ ਐਂਡ ਸੰਨਜ਼ ਦਾ ਲਾਇਸੈਂਸ ਰੱਦ ਕੀਤਾ ਹੈ।