ਚੰਡੀਗੜ੍ਹ: ਗੈਂਗਸਟਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਜੀਠੀਆ ਨੇ ਇਸ ਸਬੰਧੀ ਕੁਝ ਆਡੀਓ ਤੇ ਵੀਡੀਓ ਕਲਿੱਪ ਵੀ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰਾਂ ਨੂੰ ਕਾਂਗਰਸੀ ਲੀਡਰਾਂ ਦੀ ਸ਼ਹਿ ਹੈ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਦੇ ਧਿਆਨ ’ਚ ਮਾਮਲਾ ਲਿਆਂਦਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਦਰਅਸਲ ਮਜੀਠੀਆ ਨੇ ਪਿਛਲੇ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਬੰਧ ਜੋੜਦਿਆਂ ਕਾਂਗਰਸ ਖਿਲਾਫ ਮੁਹਿੰਮ ਵਿੱਢੀ ਹੈ। ਉਹ ਅਕਸਰ ਹੀ ਤਸਵੀਰਾਂ ਤੇ ਹੋਰ ਸੂਬਤ ਲੈ ਕੇ ਮੀਡੀਆ ਸਾਹਮਣੇ ਵੱਡੇ ਇਲਜ਼ਾਮ ਲਾਉਂਦੇ ਰਹਿੰਦੇ ਹਨ। ਹੁਣ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਗੈਂਗਸਟਰ ਧਮਕੀਆਂ ਦੇ ਰਹੇ ਹਨ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਾਂ ਦੇ ਦੋਸ਼ ਲਾਉਂਦਿਆਂ ਤੁਰੰਤ ਬਰਖ਼ਾਸਤਗੀ ਦੀ ਮੰਗੀ ਹੈ। ਪਾਰਟੀ ਦੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਰਾਜਨੀਤਕ ਵਿਅਕਤੀਆਂ ਤੇ ਅਪਰਾਧੀਆਂ ਦੇ ਗੱਠਜੋੜ ਕਾਰਨ ਸੂਬੇ ਵਿੱਚ ਸਿਆਸਤਦਾਨਾਂ ਦੇ ਕਤਲ ਹੋਣ ਦਾ ਵੀ ਖਦਸ਼ਾ ਹੈ।

ਅਕਾਲੀ ਲੀਡਰਾਂ ਨੇ ਗੈਂਗਸਟਰਾਂ ਵੱਲੋਂ ਬਿਕਰਮ ਮਜੀਠੀਆ ਨੂੰ ਧਮਕੀਆਂ ਦੇਣ ਦੇ ਦੋਸ਼ ਵੀ ਲਾਏ। ਉਨ੍ਹਾਂ ਇਸ ਸਬੰਧੀ ਕੁਝ ਆਡੀਓ ਤੇ ਵੀਡੀਓ ਕਲਿੱਪ ਵੀ ਮੀਡੀਆ ਦੇ ਸਾਹਮਣੇ ਰੱਖਦਿਆਂ ਧਮਕੀਆਂ ਨੂੰ ਪੁਖਤਾ ਕਰਨਾ ਦੇ ਯਤਨ ਕੀਤੇ। ਮਜੀਠੀਆ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੱਗੂ ਭਗਵਾਨਪੁਰੀਆ ਦੀਆਂ ਗਤੀਵਿਧੀਆਂ ਤੇ ਅਕਾਲੀ ਲੀਡਰਾਂ ਨੂੰ ਧਮਕੀਆਂ ਸਬੰਧੀ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਦੇ ਧਿਆਨ ’ਚ ਮਾਮਲਾ ਲਿਆਂਦਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।