ਅੰਮ੍ਰਿਤਸਰ: ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕੋਲੋਂ ਵੀ ਖਰੀਦੀ ਨਾਜਾਇਜ਼ ਵਿਕਦੀ ਸ਼ਰਾਬ ਦਾ ਸੇਵਨ ਨਾ ਕਰਨ, ਕਿਉਂਕਿ ਇਸ ਦੇ ਜ਼ਹਿਰੀਲੀ ਹੋਣ ਦਾ ਖਦਸ਼ਾ ਹੈ।


ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਵੱਲੋਂ ਸਪਲਾਈ ਕੀਤੀ ਇਹ ਸ਼ਰਾਬ ਨਾ ਖਰੀਦੋ ਤੇ ਜੇਕਰ ਕਿਸੇ ਕੋਲ ਖਰੀਦੀ ਪਈ ਵੀ ਹੈ, ਤਾਂ ਉਹ ਇਸ ਸ਼ਰਾਬ ਨੂੰ ਨਸ਼ਟ ਕਰ ਦੇਣ ਭਾਵ ਡੋਲ੍ਹ ਦੇਵੇ। ਉਨ੍ਹਾਂ ਕਿਹਾ ਕਿ ਅਜਿਹੀ ਸ਼ਰਾਬ ਜਿਸ ਦੀ ਕੋਈ ਡਿਗਰੀ ਤੈਅ ਨਹੀਂ ਉਹ ਸਰੀਰਕ ਤੌਰ ’ਤੇ ਵੱਡਾ ਨੁਕਸਾਨ ਕਰ ਸਕਦੀ ਹੈ।

ਖਹਿਰਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਜਲਦੀ ਹੀ ਮਦਦ ਰਾਸ਼ੀ ਭੇਜੀ ਜਾਵੇਗੀ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।