ਪਟਿਆਲਾ: ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਬੀਤੀ ਦੇਰ ਰਾਤ ਸਮਾਣਾ ਦੀ ਇੱਕ ਇਮਾਰਤ ਵਿੱਚੋਂ ਕਾਂਗਰਸ ਸਮਰਥਕ ਵੱਲੋਂ ਕਥਿਤ ਤੌਰ 'ਤੇ ਸਟੋਰ ਕੀਤੀ ਦੇਸੀ ਸ਼ਰਾਬ ਦੀਆਂ 200 ਪੇਟੀਆਂ ਫੜਾਉਣ ਲਈ ਧਰਨਾ ਦਿੱਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਇਹ ਸ਼ਰਾਬ ਵੋਟਾਂ ਦੌਰਾਨ ਵੰਡੀ ਜਾਣੀ ਸੀ। ਧਰਨੇ ਬਾਅਦ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਸਾਰੀ ਸ਼ਰਾਬ ਜ਼ਬਤ ਕਰ ਲਈ ਹੈ। ਡਾ. ਗਾਂਧੀ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਵੀਡੀਓ ਵੀ ਸਾਂਝੀ ਕੀਤੀ ਸੀ। ਡਾ. ਗਾਂਧੀ ਨੂੰ ਪਟਿਆਲਾ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦਾ ਵੀ ਸਾਥ ਮਿਲਿਆ।

ਦੋਵਾਂ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਮਾਮਲਾ ਸਾਹਮਣੇ ਆਉਣ ਬਾਅਦ ਗ਼ੈਰ-ਕਾਨੂੰਨੀ ਸ਼ਰਾਬ ਨੂੰ ਖਿਸਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਮਾਰਤ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਭਾਰੀ ਮਾਤਰਾ 'ਚ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਸਨ। ਸ਼ਰਾਬ ਮਿਲਣ ਬਾਅਦ ਰੱਖੜਾ ਨੇ ਕਿਹਾ ਕਿ ਇਸ ਤੋਂ ਸੰਕੇਤ ਮਿਲਦੇ ਹਨ ਕਿ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਸੱਤਾ ਹਾਸਲ ਕਰਨ ਲਈ ਕਾਂਗਰਸ ਸਭ ਹਥਕੰਡੇ ਵਰਤ ਰਹੀ ਹੈ।



ਉਨ੍ਹਾਂ ਦੱਸਿਆ ਕਿ ਜਿਸ ਥਾਂ 'ਤੇ ਸ਼ਰਾਬ ਰੱਖੀ ਗਈ ਸੀ, ਉੱਥੇ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਪੋਸਟਰਾਂ ਤੇ ਬੈਨਰਾਂ ਵਾਲੀਆਂ ਗੱਡੀਆਂ ਵੀ ਖੜ੍ਹੀਆਂ ਹੋਈਆਂ ਸਨ। ਇਸ ਮਾਮਲੇ ਸਬੰਧੀ ਐਸਡੀਐਮ ਨਮਨ ਮਾਰਕਨ ਨੇ ਕਿਹਾ ਕਿ ਐਕਸਾਈਜ਼ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤੇ ਜਾਂਚ ਬਾਅਦ ਕੇਸ ਦਰਜ ਕੀਤਾ ਜਾਏਗਾ।


ਰੱਖੜਾ ਨੇ ਕਿਹਾ ਕਿ ਉਨ੍ਹਾਂ ਰਾਤ 10:30 ਵਜੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਨਿਰਾਸ਼ ਹੋ ਉਨ੍ਹਾਂ ਆਪਣੇ ਸਮਰਥਕਾਂ ਸਮੇਤ ਪਟਿਆਲਾ-ਪਾਤਰਾਂ ਰੋਡ 'ਤੇ ਧਰਨਾ ਲਾ ਦਿੱਤਾ। ਦੋਵਾਂ ਲੀਡਰਾਂ ਨੇ ਕਾਰਵਾਈ ਕਰਨ 'ਚ ਦੇਰੀ ਕਰਨ ਲਈ ਚੋਣ ਕਮਿਸ਼ਨ ਖਿਲਾਫ ਕੇਸ ਦਰਜ ਕਰਾਉਣ ਦੀ ਧਮਕੀ ਦਿੱਤੀ ਹੈ।

ਡਾ. ਗਾਂਧੀ ਨੇ ਇਹ ਵੀ ਇਲਜ਼ਾਮ ਲਾਇਆ ਕਿ ਅਧਿਕਾਰੀਆਂ ਨੇ ਜਾਣ-ਬੁੱਝ ਕੇ ਕਾਰਵਾਈ ਕਰਨ ਵਿੱਚ ਦੇਰੀ ਕੀਤੀ ਤਾਂ ਕਿ ਕਾਂਗਰਸੀ ਸਮਰਥਕਾਂ ਨੂੰ ਇਮਾਰਤ ਵਿੱਚ ਸ਼ਰਾਬ ਇੱਧਰ-ਉੱਧਰ ਕਰਨ ਦਾ ਸਮਾਂ ਮਿਲ ਸਕੇ। ਸ਼ਰਾਬ ਨਾਲ ਲੋਡ ਕੀਤੇ ਕਈ ਵਾਹਨ ਤਾਂ ਬਗੈਰ ਚੈਕਿੰਗ ਹੀ ਜਾਣ ਦਿੱਤੇ ਗਏ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਫਿਲਹਾਲ ਸ਼ਰਾਬ ਜ਼ਬਤ ਕਰ ਲਈ ਗਈ ਹੈ।