ਚੰਡੀਗੜ੍ਹ: ਸ਼ਰਾਬ ਦੇ ਠੇਕੇਦਾਰ ਹੁਣ ਫਿਰ ਕੈਪਟਨ ਸਰਕਾਰ ਤੋਂ ਔਖੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ ਸਾਢੇ ਛੇ ਵਜੇ ਬੰਦ ਹੋ ਜਾਂਦੇ ਹਨ। ਠੇਕੇਦਾਰ ਇਸ ਗੱਲੋਂ ਔਖੇ ਹਨ ਕਿ ਜ਼ਿਆਦਾ ਵਿਕਰੀ ਤਾਂ ਸਾਢੇ ਛੇ ਵਜੇ ਤੋਂ ਬਾਅਦ ਹੀ ਹੁੰਦੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਠੇਕੇਦਾਰਾਂ ਦਾ ਸੂਬਾਈ ਵਫ਼ਦ ਅੱਜ ਸਤੰਬਰ ਨੂੰ ਈਟੀਸੀ (ਐਕਸਾਈਜ਼ ਐਂਡ ਐਕਸੇਸ਼ਨ ਕਮਿਸ਼ਨਰ) ਪੰਜਾਬ ਨੂੰ ਮਿਲੇਗਾ।


ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਵਧ ਰਹੇ ਕਹਿਰ ਨੂੰ ਵੇਖਦਿਆਂ ਸਖਤ ਕਦਮ ਚੁੱਕੇ ਹਨ। ਇਸ ਤਹਿਤ ਹੀ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਸਮਾਂ ਸ਼ਾਮ ਸਾਢੇ ਛੇ ਵਜੇ ਤੈਅ ਕੀਤਾ ਹੈ। ਸ਼ਰਾਬ ਦੇ ਠੇਕੇਦਾਰਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸ਼ਰਾਬ ’ਤੇ ਲੱਖਾਂ ਰੁਪਏ ਮਹੀਨੇ ਦਾ ਕਰੋਨਾ ਸੈੱਸ ਵੀ ਲਾ ਦਿੱਤਾ ਹੈ। ਇਸ ਕਰਕੇ ਪੰਜਾਬ ਭਰ ਦੇ ਠੇਕੇਦਾਰ ਸਰਕਾਰ ਦੇ ਅਜਿਹੇ ਫੈਸਲਿਆਂ ਖ਼ਿਲਾਫ਼ ਹਾਈ ਕੋਰਟ ਜਾਣ ਦੀ ਤਿਆਰੀ ਵਿੱਚ ਹਨ।

ਠੇਕੇਦਾਰਾਂ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਐਤਕੀਂ ਠੇਕਿਆਂ ਦਾ ਬਹੁਤਾ ਕੰਮ ਕਿਸੇ ਨੇ ਨਹੀਂ ਲਿਆ ਸੀ। ਸਰਕਾਰ ਨੇ ਠੇਕੇਦਾਰਾਂ ਨੂੰ ਖੁਦ ਚੰਡੀਗੜ੍ਹ ਬੁਲਾ ਕੇ ਕੰਮ ਲੈਣ ਲਈ ਆਖਿਆ ਸੀ ਤੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ। ਹੁਣ ਉਲਟਾ ਉਨ੍ਹਾਂ ਦੇ ਤੈਅ ਸਮੇਂ ਤੋਂ ਵੀ ਪੰਜ ਘੰਟੇ ਘਟਾ ਦਿੱਤੇ ਗਏ ਹਨ ਤੇ ਪਾਲਿਸੀ ’ਚ ਨਾ ਹੋਣ ਦੇ ਬਾਵਜੂਦ ਉਨ੍ਹਾਂ ’ਤੇ ਕਰੋਨਾ ਸੈੱਸ ਵੀ ਲਾ ਦਿੱਤਾ ਗਿਆ ਹੈ।