ਬਰਨਾਲਾ: ਸ਼ਹਿਰ ਦੇ ਇੱਕ ਸ਼ਰਾਬ ਕਾਰੋਬਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹਿਮਾਂਸ਼ੂ ਦਾਨੀਆ (26) ਬੀਤੀ ਰਾਤ ਕਰੀਬ 11 ਵਜੇ ਸ਼ਰਾਬ ਦੇ ਠੇਕੇਆਂ ਤੋਂ ਨਕਦੀ ਇਕੱਠੀ ਕਰ ਕੇ ਜਾ ਰਿਹਾ ਸੀ ਤਾਂ ਬਰਨਾਲਾ ਬੱਸ ਸਟੈਂਡ ਕੋਲ ਸ਼ਨੀ ਮੰਦਿਰ ਵਾਲੀ ਗਲ਼ੀ ਵਿੱਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਗੋਲ਼ੀ ਮਰ ਦਿੱਤੀ ਤੇ ਲਗਪਗ 5.50 ਲੱਖ ਦੀ ਨਕਦੀ ਵੀ ਲੁੱਟ ਕੇ ਲੈ ਗਏ।
ਘਟਨਾ ਦੌਰਾਨ ਮ੍ਰਿਤਕ ਹਿਮਾਂਸ਼ੂ ਦੇ ਨਾਲ ਆ ਰਹੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਮੋਟਰਸਾਈਕਲ 'ਤੇ ਠੇਕਿਆਂ ਤੋਂ ਕੈਸ਼ ਇੱਕਠਾ ਕਰ ਆਪਣੇ ਦਫ਼ਤਰ ਜਾ ਰਹੇ ਸਨ ਤੇ ਦਫ਼ਤਰ ਦੀ ਗਲੀ ਵੜਦੇ ਹੀ ਸਾਹਮਣੇ ਵੱਲੋਂ ਕਿਸੇ ਨੇ ਗੋਲੀ ਚਲਾ ਦਿੱਤੀ। ਸੰਜੀਵ ਨੇ ਦੱਸਿਆ ਕਿ ਇਹ ਗੋਲ਼ੀ ਬਾਇਕ ਹਿਮਾਂਸ਼ੂ ਦੇ ਵੱਜੀ ਅਤੇ ਉਹ ਦੋਵੇਂ ਡਿੱਗ ਗਏ।
ਸੰਜੀਵ ਮੁਤਾਬਕ ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੀ ਕਨਪਟੀ 'ਤੇ ਪਿਸਟਲ ਰੱਖ ਕੇ ਰੁਪਏ ਵਾਲੇ ਬੈਗ ਖੋਹ ਲਏ ਅਤੇ ਮੋਟਰਸਾਇਕਲ ਉੱਤੇ ਸਵਾਰ ਹੋ ਤਰਕਸ਼ੀਲ ਚੌਕ ਵੱਲ ਭੱਜ ਗਏ। ਇਸ ਤੋਂ ਬਾਅਦ ਉਸ ਨੇ ਆਪਣੇ ਮਾਲਿਕ ਨੂੰ ਸੂਚਿਤ ਕੀਤਾ ਤੇ ਜ਼ਖ਼ਮੀ ਹਿਮਾਂਸ਼ੂ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਬਰਨਾਲਾ ਵਿੱਚ ਚੋਰੀ, ਲੁੱਟ-ਖੋਹ ਤੇ ਕਤਲ ਦੀ ਘਟਨਾਵਾਂ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਇਸ ਮਾਮਲੇ 'ਤੇ ਪੁਲਿਸ ਨੇ ਕਿਹਾ ਕਿ ਉਹ ਲੁੱਟ ਖੋਹ ਦੀ ਨਜ਼ਰੀਏ ਨਾਲ ਜਾਂਚ ਕਰ ਰਹੇ ਹਨ ਪਰ ਕਤਲ ਦਾ ਕਾਰਨ ਆਪਸੀ ਰੰਜ਼ਿਸ਼ ਜਾਂ ਪੁਰਾਣੀ ਦੁਸ਼ਮਣੀ ਵੀ ਹੋ ਸਕਦਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਕਤਲ ਵਾਲੀ ਘਟਨਾ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।