ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬੀਤੇ ਕੱਲ੍ਹ ਕੈਬਨਿਟ ਮੀਟਿੰਗ ਹੋਈ। ਇਸ ਵਿੱਚ ਪਿਛਲੇ ਸਾਲ ਵਾਂਗ ਐਕਸਾਈਜ਼ ਨੀਤੀ ਨੂੰ ਪ੍ਰਭਾਵੀ ਰੱਖਿਆ ਗਿਆ। ਨਵੇਂ ਵਿੱਤੀ ਸਾਲ ਵਿੱਚ 739 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ਵਿੱਚ ਸ਼ਰਾਬ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਹੋਏਗਾ।
ਇਸ ਦੇ ਨਾਲ ਹੀ ਸਰਕਾਰ ਨੇ 2019-20 ਲਈ ਐਕਸਾਈਜ਼ ਪਾਲਿਸੀ ਵਿੱਚ ਗੁਆਂਢੀ ਸੂਬਿਆਂ ਤੋਂ ਹੋ ਰਹੀ ਭਾਰੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਆਈਜੀ ਤੇ ਡੀਆਈਜੀ ਦੀ ਅਗਵਾਈ ਵਿੱਚ ਇੱਕ ਬਟਾਲੀਅਨ ਦੇ ਗਠਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਹਰ ਐਕਸਾਈਜ਼ ਜ਼ਿਲ੍ਹੇ ਵਿੱਚ 50-60 ਮੁਲਾਜ਼ਮ ਹੋਣਗੇ। ਇੱਕ ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਬੋਟਲਿੰਗ ਫੀਸ ਜ਼ਰੀਏ ਸਰਕਾਰ ਨੂੰ 30 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ।
ਇਸ ਪੈਸੇ ਨੂੰ ਸੂਬਾ ਸਰਕਾਰ ਆਪਣੇ ਨਸ਼ਾ ਮੁਕਤੀ ਸਬੰਧੀ ਚਲਾਏ ਜਾ ਰਹੇ ਅਭਿਆਨ ਵਿੱਚ ਖ਼ਰਚ ਕਰੇਗੀ। 2019-20 ਵਿੱਚ ਸਰਕਾਰ ਨੇ 6201 ਕਰੋੜ ਰੁਪਏ ਦੀ ਕਮਾਈ ਦਾ ਟੀਚਾ ਮਿੱਥਿਆ ਹੈ। ਇਸ ਨਾਲ ਐਕਸਾਈਜ਼ ਡਿਊਟੀ ਵਜੋਂ 739 ਕਰੋੜ ਰੁਪਏ ਮਿਲਣਗੇ। ਗਰੁੱਪਾਂ ਦੀ ਗਿਣਤੀ 700 ਹੀ ਰਹੇਗੀ ਪਰ ਗਰੁੱਪ ਸਾਈਜ਼ ਵਿੱਚ ਵਿਸਤਾਰ ਸੰਭਵ ਹੈ। ਠੇਕਿਆਂ ਦੀ ਗਿਣਤੀ ਪਿਛਲੇ ਸਾਲ ਵਾਂਗ 5750 ਹੀ ਰਹੇਗੀ।