ਕੁਰੂਕਸ਼ੇਤਰ: ਐਲਓਸੀ ਨੇੜੇ ਮਾਛਿਲ ਇਲਾਕੇ ਵਿੱਚ ਭਾਰਤੀ ਸੈਨਾ ਦੀ ਗਸ਼ਤ ਕਰ ਰਹੀ ਟੁਕੜੀ ਉੱਤੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਸੈਨਿਕ ਸ਼ਹੀਦ ਹੋ ਗਿਆ। ਸ਼ਹੀਦ ਸੈਨਿਕ ਕਰੂਕਸ਼ੇਤਰ ਦੇ ਅੰਟੇਹੜੀ ਪਿੰਡ ਦਾ ਮਨਦੀਪ ਸਿੰਘ ਸੀ। ਦਹਿਸ਼ਤਗਰਦਾਂ ਨੇ ਭੱਜਣ ਤੋਂ ਪਹਿਲਾਂ ਮਨਦੀਪ ਦੀ ਲਾਸ਼ ਦੀ ਬੇਅਦਬੀ ਵੀ ਕੀਤੀ। ਦੂਜੇ ਪਾਸੇ ਭਾਰਤੀ ਸੈਨਾ ਨੇ ਐਲਾਨ ਕੀਤਾ ਹੈ ਕਿ ਇਸ ਹਮਲੇ ਦਾ ਬਦਲਾ ਲਿਆ ਜਾਵੇਗਾ।
27 ਸਾਲ ਦਾ ਮਨਦੀਪ ਸਿੰਘ 17 ਸਿੱਖ ਰੈਜੀਮੈਟ ਵਿੱਚ ਤੈਨਾਤ ਸੀ। ਸ਼ਹੀਦ ਦੀ ਪਤਨੀ ਪ੍ਰੇਰਨਾ ਹਰਿਆਣਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਕੰਮ ਕਰਦੀ ਹੈ ਅਤੇ ਇਹਨਾਂ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਮਨਦੀਪ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਈ। ਮਨਦੀਪ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਦੀਵਾਲੀ ਦੇ ਮੌਕੇ ਉੱਤੇ ਮਨਦੀਪ ਸਿੰਘ ਨੇ ਛੁੱਟੀ ਉੱਤੇ ਪਿੰਡ ਆਉਣਾ ਸੀ ਪਰ ਸਰਹੱਦ ਉੱਤੇ ਚੱਲ ਰਹੇ ਤਣਾਅ ਕਾਰਨ ਉਸ ਦੀ ਛੁੱਟੀ ਰੱਦ ਹੋ ਗਈ।
ਮਨਦੀਪ ਸਿੰਘ ਦੀ ਪਤਨੀ ਪ੍ਰੇਰਨਾ ਅਨੁਸਾਰ ਪਾਕਿਸਤਾਨ ਨੂੰ ਇੱਕ ਵਾਰ ਸਬਕ ਸਿਖਾ ਦੇਣਾ ਚਾਹੀਦਾ ਹੈ ਤਾਂ ਜੋ ਹਰ ਕਿਸੇ ਦੀ ਦੀਵਾਲੀ ਕਾਲੀ ਨਾ ਹੋਵੇ। ਪ੍ਰੇਰਨਾ ਅਨੁਸਾਰ ਮਨਦੀਪ ਉਸ ਨਾਲ ਸਰਹੱਦ ਉੱਤੇ ਚੱਲ ਰਹੇ ਤਣਾਅ ਸਬੰਧੀ ਕੋਈ ਜਾਣਕਾਰੀ ਸਾਂਝਾ ਨਹੀਂ ਸੀ ਕਰਦਾ। ਇਸ ਘਟਨਾ ਕਾਰਨ ਪੂਰੇ ਪਿੰਡ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ।