ਪਟਿਆਲਾ: ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੇ ਸਰਕਾਰੀ ਘਰ ‘ਤੇ ਛਾਪਾ ਵਿਜੀਲੈਂਸ ਦੀ ਟੀਮ ਨੇ ਨਹੀਂ ਸਗੋਂ ਸਥਾਨਕ ਸਰਕਾਰਾਂ ਵਿਭਾਗ ਦੀ ਸੀਵੀਸੀ ਟੀਮ ਵੱਲੋਂ ਮਾਰਿਆ ਗਿਆ ਹੈ। ਟੀਮ ਵੱਲੋਂ ਸ਼ਹਿਰ ਵਿੱਚ ਸੜਕਾਂ ਦੇ ਜਾਰੀ ਕੰਮ ਦੀ ਪੜਤਾਲ ਕਰਨ ਲਈ ਮੇਅਰ ਦੇ ਘਰ ਛਾਪੇਮਾਰੀ ਕੀਤੀ ਗਈ। ਘਰ ਵਿੱਚ ਰੇਡ ਤੋਂ ਬਾਅਦ ਸੀਵੀਸੀ ਟੀਮ ਰਿਕਾਰਡ ਖੰਘਾਲਣ ਲਈ ਨਗਰ ਨਿਗਮ ਦਫ਼ਤਰ ਵੀ ਪਹੁੰਚੀ ਸੀ ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਨਵਜੋਤ ਸਿੱਧੂ ਨੇ ਕੈਪਟਨ ਖਿਲਾਫ ਅਸਿੱਧੇ ਤੌਰ ਤੇ ਮੋਰਚਾ ਖੋਲ੍ਹ ਦਿੱਤਾ ਹੈ। ਕਿਉਂਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਮਗਰੋਂ ਪਟਿਆਲਾ ਦੇ ਮੇਅਰ ਬਣੇ ਮੇਅਰ ਸੰਜੀਵ ਬਿੱਟੂ ਪ੍ਰਨੀਤ ਕੌਰ ਦੇ ਖਾਸ-ਮ-ਖਾਸ ਤੇ ਕੈਪਟਨ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਹਨ। ਮੁੱਖ ਮੰਤਰੀ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੀ ਸਿਫਾਰਿਸ਼ ਨਾਲ ਮੇਅਰ ਬਣੇ ਸੰਜੀਵ ਬਿੱਟੂ ਦੇ ਘਰ ਦੇ ਦਫ਼ਤਰ ਵਿੱਚ ਇਹ ਛਾਪਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਅਕਸਰ ਚਰਚਾ ਰਹੀ ਹੈ ਕਿ ਸਿੱਧੂ ਤੇ ਕੈਪਟਨ ਦਰਮਿਆਨ 36 ਦਾ ਆਂਕੜਾ ਹੈ। ਇਸ ਤੋਂ ਪਹਿਲਾਂ ਇਹ ਗੱਲ ਅਮ੍ਰਿਤਸਰ ਮੇਅਰ ਦੀ ਚੋਣ ਵੇਲੇ ਵੀ ਸਾਹਮਣੇ ਆਈ ਸੀ।