ਪੰਜਾਬ 'ਚ ਵੱਡੇ ਲੀਡਰਾਂ ਦੇ ਵੱਕਾਰ ਦਾ ਸਵਾਲ ਬਣੀਆਂ ਲੋਕ ਸਭਾ ਚੋਣਾਂ, ਹਾਰ-ਜਿੱਤ ਕਰੇਗੀ ਭਵਿੱਖ ਤੈਅ
ਏਬੀਪੀ ਸਾਂਝਾ | 12 Mar 2019 02:59 PM (IST)
ਚੰਡੀਗੜ੍ਹ: ਲੋਕ ਸਭਾ ਚੋਣਾਂ 'ਚ ਚਾਹੇ ਕੇਂਦਰ ਵਿਚਲੀ ਸਰਕਾਰ ਚੁਣੀ ਜਾਣੀ ਹੈ ਪਰ ਪੰਜਾਬ ਵਿੱਚ ਸਿਆਸੀ ਸਮੀਕਰਨਾਂ ਕੁਝ ਵੱਖਰੀਆਂ ਰਹਿਣਗੀਆਂ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਪੰਜਾਬ ਏਕਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲਈ ਵੱਕਾਰ ਦਾ ਸਵਾਲ ਹਨ। ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਹਮੇਸ਼ਾਂ ਹੇਠਾਂ ਹੀ ਗਿਆ ਹੈ। ਪਿਛਲੀ ਵਾਰ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਸੀ। ਹੁਣ ਤੱਕ ਚੋਣ ਸਰਵੇਖਣਾਂ ਮੁਤਾਬਕ ਇਹ ਚਾਰੇ ਵੀ ਖਿਸਕਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਇਹ ਚੋਣਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਤੈਅ ਕਰਨਗੀਆਂ ਕਿਉਂਕਿ ਜੇਕਰ ਪਾਰਟੀ ਹਾਰਦੀ ਹੈ ਤੇ ਇੱਕ ਵਾਰ ਲੀਡਰਸ਼ਿਪ ਬਦਲਣ ਦੀ ਮੰਗ ਉੱਠੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਹਾਲ ਵੀ ਸ਼੍ਰੋਮਣੀ ਅਕਾਲੀ ਦਲ ਵਰਗਾ ਹੀ ਹੈ। ਬੇਸ਼ੱਕ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ 20 ਸੀਟਾਂ ਲੈ ਗਈ ਸੀ ਪਰ ਬਾਅਦ ਵਿੱਚ ਉੱਠੇ ਤੂਫਾਨਾਂ ਨੇ ਪਾਰਟੀ ਨੂੰ ਝੰਬ ਸੁੱਟਿਆ ਹੈ। ਪਿਛਲੀ ਵਾਰ ਆਮ ਆਦਮੀ ਪਾਰਟੀ ਚਾਰ ਲੋਕ ਸਭਾ ਸੀਟਾਂ ਜਿੱਤੀਆਂ ਸੀ ਪਰ ਇਨ੍ਹਾਂ ਵਿੱਚੋਂ ਦੋ ਸੰਸਦ ਮੈਂਬਰ ਬਾਗੀ ਹੋ ਚੁੱਕੇ ਹਨ। ਇਸ ਲਈ ਪਾਰਟੀ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਹਨ। ਇਸ ਤੋਂ ਇਲਾਵਾ ‘ਆਪ’ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਿਆਸੀ ਭਵਿੱਖ ਨੂੰ ਵੀ ਚੋਣਾਂ ਪ੍ਰਭਾਵਿਤ ਕਰਨਗੀਆਂ। ਇਨ੍ਹਾਂ ਪਾਰਟੀਆਂ ਦੀ ਇਹ ਪਲੇਠੀ ਚੋਣ ਹੈ। ਜੇਕਰ ਇਹ ਪਾਰਟੀਆਂ ਚੰਗਾ ਪ੍ਰਦਰਸ਼ਨ ਨਾ ਕਰ ਸਕੀਆਂ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਸਿਆਸੀ ਧਰਾਤਲ ਖਿਸਕ ਸਕਦਾ ਹੈ।