ਚੰਡੀਗੜ੍ਹ: ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਦਮਦਾਰ ਆਗਾਜ਼ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਡਾਵਾਂਡੋਲ ਨਜ਼ਰ ਆ ਰਹੀ ਹੈ। ਪਿਛਲੀ ਵਾਰ ਤਾਂ ਮੋਦੀ ਲਹਿਰ ਦੇ ਬਾਵਜੂਦ ਪਾਰਟੀ ਨੇ ਲੀਡ ਹਾਸਲ ਕਰਦਿਆਂ 13 'ਚੋਂ ਚਾਰ ਸੀਟਾਂ ਲੈ ਲਈਆਂ ਪਰ 5 ਸਾਲਾਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਇੱਕ ਤਾਂ ਕਈ ਦਿੱਗਜ ਲੀਡਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ ਤੇ ਦੂਜਾ ਅੰਦਰੂਨੀ ਫੁੱਟ ਨੇ ਪਾਰਟੀ ਨੂੰ ਮੁਸ਼ਕਲ ਦੌਰ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪਾਰਟੀ ਦੇ ਚਾਰ ਵਿੱਚੋਂ ਦੋ ਸਾਂਸਦਾਂ ਨੇ ਸਾਥ ਛੱਡ ਦਿੱਤਾ ਹੈ। ਵਿਰੋਧੀ ਧਿਰ ਦੀ ਕੁਰਸੀ 'ਤੇ ਵੀ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸੀ। ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਵੱਕਾਰ ਤੇ ਹੋਂਦ ਦਾਅ 'ਤੇ ਲੱਗੀ ਹੈ।


ਇਸ ਤੋਂ ਇਲਾਵਾ ਇਸ ਚੋਣਾਂ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਕੋਲੋਂ ਮੁਆਫ਼ੀ ਮੰਗਣਾ ਪੰਜਾਬ ਵਿੱਚ ਪਾਰਟੀ ਨੂੰ ਵੱਡਾ ਝਟਕਾ ਦੇ ਸਕਦਾ ਹੈ। ਪੰਜ ਸਾਲ ਪਹਿਲਾਂ ਜਿਸ ਕੇਜਰੀਵਾਲ ਨੂੰ ਰੱਖਿਅਕ ਤੇ ਨਸ਼ਿਆਂ ਤੋਂ ਪੰਜਾਬ ਨੂੰ ਬਚਾਉਣ ਵਾਲਾ ਸਮਝਿਆ ਜਾ ਰਿਹਾ ਸੀ, ਉਸੇ ਕੇਜਰੀਵਾਲ ਨੂੰ ਸੋਮਵਾਰ ਸੰਗਰੂਰ ਵਿੱਚ ਕਾਲ਼ੀਆਂ ਝੰਡੀਆਂ ਵਿਖਾਈਆਂ ਗਈਆਂ। ਇਹ ਰੋਸ ਪਾਰਟੀ ਦੇ ਕਿਸੇ ਵੇਲੇ ਹਮਾਇਤੀ ਰਹੇ ਲੋਕਾਂ ਅੰਦਰ ਹੀ ਹੈ।

ਦੂਜੇ ਪਾਸੇ 'ਆਪ' ਦੇ ਬਾਗ਼ੀ ਸੁਖਪਾਲ ਖਹਿਰਾ ਨੇ ਤੀਜੇ ਧਿਰ ਨੂੰ ਹਵਾ ਦਿੱਤੀ ਜਿਸ ਨਾਲ ਪਟਿਆਲਾ ਤੇ ਬਠਿੰਡਾ ਦੀਆਂ ਦੋ ਸੀਟਾਂ 'ਤੇ ਮੁਕਾਬਲਾ ਜ਼ਰਾ ਸਖ਼ਤ ਹੋ ਗਿਆ ਹੈ। ਪਿਛਲੀਆਂ ਚੋਣਾਂ ਵਿੱਚ 'ਆਪ' ਨੂੰ ਸਮਰਥਨ ਦੇਣ ਵਾਲੀ ਪੰਜਾਬ ਦੀ ਦਿਹਾਤੀ ਆਬਾਦੀ ਦਾ ਵੱਡਾ ਹਿੱਸਾ ਇਸ ਵਾਰ ਕਾਂਗਰਸ ਵੱਲ ਖਿਸਕ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੀ ਅੰਦਰੂਨੀ ਫੁੱਟ ਦਾ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਸੀਨੀਅਰ ਲੀਡਰਾਂ ਦੇ ਸਾਥ ਛੱਡਣ ਕਰਕੇ ਕਈ ਸੀਟਾਂ 'ਤੇ ਤਾਂ ਪਾਰਟੀ ਨੂੰ ਉਮੀਦਵਾਰ ਮਿਲਣੇ ਵੀ ਮੁਸ਼ਕਲ ਹੋ ਗਏ ਸੀ।

ਭਗਵੰਤ ਮਾਨ ਤਾਂ ਸਭ ਤੋਂ ਵੱਡੇ ਦਾਅ 'ਤੇ ਹਨ। ਉਂਞ ਉਹ ਆਪਣੇ ਹਲਕੇ ਸੰਗਰੂਰ ਵਿੱਚ ਚੋਣ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡ ਰਹੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਪਿਛਲੀ ਵਾਰ ਨਾਲੋਂ ਵੀ ਵਧੀਆ ਚੋਣ ਪ੍ਰਚਾਰ ਕਰ ਰਹੇ ਹਨ। ਪਰ ਉਨ੍ਹਾਂ ਦੇ ਆਪਣੇ ਲਏ ਪਿੰਡ ਸਤੌਜ ਦੇ ਲੋਕਾਂ ਨੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ।