ਕੈਪਟਨ ਸਰਕਾਰ ਦਾ ਸਾਲ ਪੂਰਾ ਹੋਣ 'ਤੇ 'ਲੌਲੀਪੋਪ' ਦਿਹਾੜਾ
ਏਬੀਪੀ ਸਾਂਝਾ | 16 Mar 2018 03:31 PM (IST)
ਜਲੰਧਰ: ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਕੈਪਟਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ 'ਲੌਲੀਪੋਪ' ਦਿਹਾੜਾ ਮਨਾਇਆ। ਕਰਮਚਾਰੀ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਖੜ੍ਹੇ ਹੋ ਗਏ ਤੇ ਉੱਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਲੌਲੀਪੋਪ ਦਿੱਤੇ। ਠੇਕਾ ਮੁਲਾਜ਼ਮ ਸੁਧਾ ਨੇ ਦੱਸਿਆ, "ਸਰਕਾਰ ਇੱਕ ਸਾਲ ਪੂਰਾ ਕਰ ਗਈ ਹੈ ਤੇ ਸਾਡੀਆਂ ਮੰਗਾਂ 'ਤੇ ਸਾਨੂੰ ਲੌਲੀਪੋਪ ਹੀ ਦਿੰਦੀ ਆ ਰਹੀ ਹੈ। ਇਸੇ ਲਈ ਅਸੀਂ ਵੀ ਲੌਲੀਪੋਪ ਦਿਹਾੜਾ ਮਨਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਕਈ ਰੈਲੀਆਂ ਕੀਤੀਆਂ ਪਰ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ। ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਪੱਕਾ ਕਰੋ ਪਰ ਸਰਕਾਰ ਉਲਟਾ ਸਾਡੀਆਂ ਤਨਖਾਹਾਂ ਘਟਾਉਣ ਬਾਰੇ ਗੱਲ ਕਰ ਰਹੀ ਹੈ।" ਉਨ੍ਹਾਂ ਕਿਹਾ, "ਹੁਣ ਸਾਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਪੱਕੇ ਹੋਣਾ ਹੈ ਤਾਂ ਤਿੰਨ ਸਾਲ 10,300 ਰਪਏ 'ਤੇ ਕੰਮ ਕਰੋ। ਹੁਣ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਸਾਡੀ ਤਨਖਾਹ ਨਾਲ ਸਾਡਾ ਪਰਿਵਾਰ ਜੁੜਿਆ ਹੈ। ਇਸ ਮਹਿੰਗਾਈ ਦੇ ਜ਼ਮਾਨੇ ਵਿੱਚ 10,300 ਰੁਪਏ ਵਿੱਚ ਘਰ ਕਿਵੇਂ ਚੱਲ ਸਕਦਾ ਹੈ। ਅਸੀਂ ਲੋਨ ਲੈ ਕੇ ਆਪਣੇ ਘਰ ਬਣਾਏ ਹਨ। ਜੇਕਰ ਸਰਕਾਰ ਸਾਡੀ ਤਨਖਾਹ ਘਟਾ ਦੇਵੇਗੀ ਤਾਂ ਅਸੀਂ ਲੋਨ ਦੀ ਕਿਸਤ ਕਿਸ ਤਰਾਂ ਅਦਾ ਕਰਾਂਗੇ। ਮੰਤਰੀਆਂ ਨੇ ਆਪਣੀ ਤਨਖਾਹ ਤਾਂ ਵਧਾ ਲਈ ਹੈ ਪਰ ਸਾਡੀ ਤਨਖਾਹ ਘਟਾਉਣ ਦੀ ਗੱਲ ਕਰ ਰਹੀ ਹੈ।"