Punjab News: ਬੀਤੀ ਰਾਤ ਫਾਜ਼ਿਲਕਾ ਵਿੱਚ ਅਬੋਹਰ ਦੇ ਪਿੰਡ ਦੀਵਾਨਖੇੜਾ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਾਰਾ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਚੋਰ ਕੰਧ ਟੱਪ ਕੇ ਘਰ ਵਿੱਚ ਵੜੇ ਅਤੇ ਸਾਰਾ ਗਹਿਣਾ ਗੱਟਾ ਚੋਰੀ ਕਰਕੇ ਫਰਾਰ ਹੋ ਗਏ। ਚੋਰਾਂ ਨੇ ਪਰਿਵਾਰ ਨੂੰ ਭਣਕ ਤੱਕ ਨਹੀਂ ਲੱਗਣ ਦਿੱਤੀ।

ਉੱਥੇ ਹੀ ਘਰ ਦੇ ਮਾਲਕ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਪਾਣੀ ਦੀ ਬਾਰੀ ਲਈ ਗਿਆ ਸੀ, ਉਸ ਵੇਲੇ ਤਾਂ ਸਭ ਠੀਕ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਗੀਚੇ ਵਿਚੋਂ ਚੋਰ ਵੜੇ ਅਤੇ ਕਮਰੇ ਦੀ ਖਿੜਕੀ ਤੋੜ ਦੇ ਘਰ ਵਿੱਚ ਦਾਖਲ ਹੋਏ। ਫਿਰ ਚੋਰਾਂ ਨੇ ਸਾਰੇ ਕਮਰੇ ਬੰਦ ਕਰ ਦਿੱਤੇ।

ਚੋਰਾਂ ਨੇ ਬੇਖੌਫ ਹੋ ਕੇ ਸਾਰਾ ਸਮਾਨ ਫਰੋਲਿਆ ਅਤੇ ਬੈੱਡ ਬਾਕਸ ਵਿਚੋਂ ਸਾਰਾ ਸਮਾਨ ਕੱਢ ਕੇ ਬਾਹਰ ਸੁੱਟ ਦਿੱਤਾ। ਚੋਰ ਉਨ੍ਹਾਂ ਦੇ ਘਰੋਂ 5 ਤੋਲੇ ਸੋਨਾ, 10 ਤੋਲੇ ਚਾਂਦੀ ਅਤੇ ਨਕਦੀ ਲੈਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।