ਪੰਜਾਬ ਦੇ ਪਟਿਆਲਾ 'ਚ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਹ ਫੌਜ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਭੇਜ ਰਿਹਾ ਸੀ। ਆਰੋਪੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਇਸ ਦੀ ਜਾਣਕਾਰੀ ਦਿੱਤੀ।

ਆਰੋਪੀ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਉਸ ਨਾਲ ਪੁੱਛਗਿੱਛ ਕਰ ਰਹੀ ਹੈ। ਦੂਜੇ ਪਾਸੇ, ਆਰੋਪੀ ਦੇ ਪਰਿਵਾਰ ਨੇ ਕਿਹਾ ਕਿ ਉਹ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਅਤੇ ਜਿਸ ਕਿਸਮ ਦੇ ਦੋਸ਼ ਉਸ 'ਤੇ ਲਗਾਏ ਗਏ ਹਨ, ਉਹ ਅਜਿਹਾ ਵਿਅਕਤੀ ਨਹੀਂ ਹੈ।

ਹਨੀ ਟਰੈਪ ਕਰਕੇ ਫਸਾਇਆ ਗਿਆ

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਆਂਢੀ ਦੇਸ਼ ਦੀਆਂ ਏਜੰਸੀਆਂ ਨੇ ਸੋਸ਼ਲ ਮੀਡੀਆ ਰਾਹੀਂ ਉਸਨੂੰ ਹਨੀ ਟਰੈਪ 'ਚ ਫਸਾਇਆ। ਲੜਕੀਆਂ ਦੀਆਂ ਨਕਲੀ ਪ੍ਰੋਫ਼ਾਈਲ ਬਣਾਕੇ ਉਹਨੂੰ ਫੁਸਲਾਇਆ ਗਿਆ। ਜਦ ਉਹ ਪੂਰੀ ਤਰ੍ਹਾਂ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ, ਤਾਂ ਉਸਨੂੰ ਭਾਰਤੀ ਮੋਬਾਇਲ ਨੰਬਰ 'ਤੇ ਵਾਟਸਐਪ ਐਕਟਿਵੇਟ ਕਰਵਾਉਣ ਲਈ ਆਖਿਆ ਗਿਆ ਅਤੇ ਫਿਰ ਉਸ ਤੋਂ OTP ਲਿਆ ਗਿਆ, ਤਾਂ ਜੋ ਪਾਕਿਸਤਾਨ ਵਿੱਚ ਮੌਜੂਦ ਭਾਰਤ ਵਿਰੋਧੀ ਤੱਤ ਉਸ ਨੰਬਰ ਦੀ ਵਰਤੋਂ ਕਰ ਸਕਣ। ਇਸ ਤੋਂ ਬਾਅਦ ਉਸ ਤੋਂ ਫੌਜੀ ਕੈਂਪ ਦੀ ਹਲਚਲ, ਥਾਂਵਾਂ ਦੀ ਜਾਣਕਾਰੀ ਅਤੇ ਤਸਵੀਰਾਂ ਮੰਗਵਾਈਆਂ ਗਈਆਂ। ਇਸ ਦੇ ਬਦਲੇ ਉਹਨੂੰ ਆਰਥਿਕ ਲਾਭ ਦਿੱਤਾ ਗਿਆ। ਪੁਲਿਸ ਨੇ ਆਰੋਪੀ ਦਾ ਮੋਬਾਈਲ ਵੀ ਬਰਾਮਦ ਕਰ ਲਿਆ ਹੈ।

ਵਿਸ਼ੇਸ਼ ਆਈਡੀ ਬਣਾਈ ਸੀ ਮੁਲਜ਼ਮ ਨੇਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ 'ਪੰਜਾਬੀ ਕੁੜੀ' ਦੇ ਨਾਂ ਨਾਲ ਬਣਾਈ ਆਈਡੀ ਰਾਹੀਂ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਲੋਕਾਂ ਨਾਲ ਜੁੜਿਆ ਕਰਦਾ ਸੀ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵੀ ਸਾਹਮਣੇ ਆਈਆਂ ਹਨ। ਦੂਜੇ ਪਾਸੇ, ਇਸ ਤੋਂ ਪਹਿਲਾਂ ਮੋਹਾਲੀ ਸਥਿਤ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਨੇ ਇੱਕ ਫੌਜੀ ਅਤੇ ਇੱਕ ਸਾਬਕਾ ਫੌਜੀ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

ਪਤੀ ਨੂੰ ਗਲਤ ਫਸਾਇਆ ਗਿਆ

ਗੁਰਪ੍ਰੀਤ ਦੀ ਪਤਨੀ ਰਾਜਪ੍ਰੀਤ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਨੈਨਾ ਦੇਵੀ ਦਰਸ਼ਨ ਕਰਕੇ ਵਾਪਸ ਆਏ ਸਨ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਘਰ ਤੋਂ ਲੈ ਗਈ। ਰਾਜਪ੍ਰੀਤ ਨੇ ਕਿਹਾ, “ਮੈਨੂੰ ਮੇਰੇ ਪੁੱਤ ਦਾ ਫ਼ੋਨ ਆਇਆ ਕਿ ਪੁਲਿਸ ਪਾਪਾ ਨੂੰ ਲੈ ਗਈ ਹੈ। ਅਸੀਂ ਮੌਕੇ 'ਤੇ ਖੜੀ ਪੁਲਿਸ ਦੀ ਪਛਾਣ ਵੀ ਕਰ ਲਈ। ਸ਼ੁਰੂ ਵਿੱਚ ਪੁਲਿਸ ਵਾਲੇ ਕਹਿੰਦੇ ਰਹੇ ਕਿ ਉਹ ਕਿਸੇ ਨੂੰ ਲੈ ਕੇ ਨਹੀਂ ਗਏ, ਪਰ ਆਖ਼ਿਰ ਵਿੱਚ ਉਨ੍ਹਾਂ ਨੇ ਮਨ ਲਿਆ ਕਿ ਉਹੀ ਗੁਰਪ੍ਰੀਤ ਨੂੰ ਲੈ ਗਏ ਸਨ। ਉਹ ਦਿੱਲੀ ਪੁਲਿਸ ਸੀ।”

ਮਹਿਲਾ ਨੇ ਅੱਗੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ। ਉਨ੍ਹਾਂ ਕਿਹਾ, “ਸਾਡੇ ਉੱਤੇ ਜੋ ਦੋਸ਼ ਲਾਏ ਜਾ ਰਹੇ ਹਨ, ਉਹ ਗਲਤ ਹਨ। ਮੇਰਾ ਪਤੀ ਅਜਿਹਾ ਇਨਸਾਨ ਨਹੀਂ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਦੋ ਬੱਚੇ ਹਨ—ਇੱਕ ਪੁੱਤ ਤੇ ਇੱਕ ਧੀ।