ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਆਪਣੀ ਟਿਕਟ ਤੋਂ ਚੋਣ ਲੜ ਕੇ ਪਾਰਟੀ ਛੱਡਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਰੱਦ ਕਰਵਾਉਣ ਲਈ ਵਿਧਾਨ ਸਭਾ ਦੇ ਸਪੀਕਰ ਤਕ ਪਹੁੰਚ ਕੀਤੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਅਪੀਲ ਕੀਤੀ ਹੈ। ਸਪੀਕਰ ਵੱਲੋਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਦੀ ਵਿਧਾਇਕੀ ਰੱਦ ਹੋ ਜਾਵੇਗੀ। ਅਜਿਹਾ ਹੋਣ ਮਗਰੋਂ ਹਲਕਾ ਭੁਲੱਥ ਵਿੱਚ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ।


ਚੀਮਾ ਨੇ ਸਪੀਕਰ ਨਾਲ ਮੁਲਾਕਾਤ ਕਰ ਕੇ ਸਿਰਫ਼ ਖਹਿਰਾ ਦੀ ਵੀ ਵਿਧਾਇਕੀ ਰੱਦ ਕਰਨ ਬਾਰੇ ਹੀ ਸ਼ਿਕਾਇਤ ਦਿੱਤੀ ਹੈ। ਹਾਲਾਂਕਿ, ਅੱਜ ਹੀ 'ਆਪ' ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਪਾਰਟੀ ਨੇ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਹੈ।

ਉੱਧਰ, ਸੁਖਪਾਲ ਖਹਿਰਾ ਦੇ ਨਾਲ ਹੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਦੀ ਵਿਧਾਇਕੀ ਵੀ ਪਾਰਟੀ ਨੇ ਹਾਲੇ ਬਰਕਰਾਰ ਰੱਖੀ ਹੈ। ਸਾਫ ਹੈ ਕਿ 'ਆਪ' ਨੇ ਆਪਣੇ ਬਰਾਬਰ ਨਵੀਂ ਪਾਰਟੀ ਬਣਾਉਣ ਵਾਲੇ ਬਾਗ਼ੀ ਲੀਡਰ ਸੁਖਪਾਲ ਖਹਿਰਾ 'ਤੇ ਕਾਰਵਾਈ ਦੀ ਸਿਫਾਰਿਸ਼ ਕਰਕੇ ਹੋਰਨਾਂ ਬਾਗ਼ੀਆਂ ਨੂੰ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਖਹਿਰਾ ਨਾਲ ਅੱਠ ਵਿਧਾਇਕ ਸਨ ਪਰ ਜਦ ਦੋ ਵਿਧਾਇਕਾਂ ਨੂੰ 'ਆਪ' ਨੇ ਮੁਅੱਤਲ ਕਰ ਦਿੱਤਾ ਤਾਂ ਉਨ੍ਹਾਂ ਵਿੱਚੋਂ ਕੋਈ ਵੀ ਖਹਿਰਾ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ।

ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਐਮਐਲਏ ਦਾ ਅਹੁਦਾ ਤਿਆਗਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਵੀ ਤਿਆਗ ਪੱਤਰ ਦਿੱਤਾ ਹੋਇਆ ਹੈ, ਜੋ ਹਾਲੇ ਤਕ ਮਨਜ਼ੂਰ ਨਹੀਂ ਹੋਇਆ। ਸਪੀਕਰ ਰਾਣਾ ਕੇ.ਪੀ. ਨੇ ਵੀ ਖਹਿਰਾ ਦੀ ਮੈਂਬਰਸ਼ਿਪ ਨੂੰ ਚੈਲੰਜ ਕਰਨ ਵਾਲੀ ਅਰਜ਼ੀ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਕਹੀ ਹੈ। ਆਮ ਤੌਰ 'ਤੇ ਪਾਰਟੀ ਆਪਣੀ ਸਪੀਕਰ ਨੂੰ ਸਿਫਾਰਿਸ਼ ਕਰ ਕੇ ਅਜਿਹਾ ਕਰਨ ਦੀ ਸਮਰੱਥਾ ਰੱਖਦੀ ਹੈ ਤੇ ਸਪੀਕਰ ਇਸ ਵਿਧਾਇਕੀ ਰੱਦ ਕਰਨ ਬਾਰੇ ਰਸਮੀ ਐਲਾਨ ਕਰਦਾ ਹੈ।