Ludhiana Chandigarh Highway Accident: ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਕਾਰਨ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਚਾਰ ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸਰਬਜੀਤ ਸਿੰਘ (44), ਉਸ ਦੀ ਪਤਨੀ ਰਮਨਦੀਪ ਕੌਰ (40) ਅਤੇ ਉਨ੍ਹਾਂ ਦੇ ਪਰਿਵਾਰ ਦੀ ਇੱਕ ਹੋਰ ਮੈਂਬਰ ਚਰਨਜੀਤ ਕੌਰ ਵਜੋਂ ਹੋਈ ਹੈ। ਹਾਦਸੇ ਵਿੱਚ ਮਰਨ ਵਾਲੇ ਲੋਕ ਮਾਛੀਵਾੜਾ ਦੇ ਰਹਿਣ ਵਾਲੇ ਸਨ। ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਸਮਰਾਲਾ ਨੇੜੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਦੇਰ ਰਾਤ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ।


ਵਰਨਾ ਅਤੇ ਜ਼ੈਨ ਕਾਰ ਵਿਚਕਾਰ ਭਿਆਨਕ ਟੱਕਰ


ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਮਰਨ ਵਾਲੇ ਸਾਰੇ ਲੋਕ ਮਾਛੀਵਾੜਾ ਦੇ ਰਹਿਣ ਵਾਲੇ ਸਨ ਅਤੇ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਹੈ। ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਵਰਨਾ ਅਤੇ ਜ਼ੈਨ ਕਾਰ 'ਚ ਵਾਪਰਿਆ ਹਾਦਸਾ, ਜਿਸ 'ਚ ਚਾਰ ਵਿਅਕਤੀ ਗੰਭੀਰ ਜ਼ਖਮੀ ਵੀ ਹੋ ਗਏ। ਜ਼ਖ਼ਮੀਆਂ ਵਿੱਚ ਮੱਖਣ ਸਿੰਘ, ਪ੍ਰੀਤੀ ਰਾਣੀ, ਹੈਪੀ, ਪਵਨਦੀਪ ਸਿੰਘ ਸ਼ਾਮਲ ਹਨ, ਜੋ ਸਾਰੇ ਕੋਟਕਪੂਰਾ ਦੇ ਵਸਨੀਕ ਦੱਸੇ ਜਾਂਦੇ ਹਨ। ਜ਼ਖਮੀਆਂ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰਨ ਕਾਰ ਦੋਨੋਂ ਕਾਰ ਚਾਲਕਾਂ ਤੋਂ ਰੁਕੀਆਂ ਨਹੀਂ ਤੇ ਇੱਕ ਦੂਜੇ ਨਾਲ ਟਕਰਾ ਗਈਆਂ।


ਪੁਲਿਸ ਮੌਕੇ 'ਤੇ ਪਹੁੰਚ ਗਈ


ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਜ਼ਖਮੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਉਪਰੰਤ ਥਾਣਾ ਸਮਰਾਲਾ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਰਖਵਾਇਆ | ਡਾਕਟਰਾਂ ਅਨੁਸਾਰ ਮੱਖਣ ਸਿੰਘ ਦੇ ਸਿਰ ਅਤੇ ਪ੍ਰੀਤੀ ਰਾਣੀ ਦੇ ਸਿਰ ਵਿੱਚ ਸੱਟ ਲੱਗੀ ਹੈ। ਹੈਪੀ ਅਤੇ ਪਵਨਦੀਪ ਦੇ ਵੀ ਸਿਰ 'ਤੇ ਸੱਟ ਲੱਗੀ ਹੈ ਅਤੇ ਲੱਤ ਫਰੈਕਚਰ ਹੈ।