ਚੰਡੀਗੜ੍ਹ: ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਨਾਲ ਉਲਝੇ ਲੁਧਿਆਣਾ ਦੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਨਸਾਫ਼ ਦੀ ਗੁਹਾਰ ਲਾਈ ਹੈ। ਭਰਤ ਭੂਸ਼ਨ ਆਸ਼ੂ ਨਾਲ ਪੰਗੇ ਮਗਰੋਂ ਪੰਜਾਬ ਸਰਕਾਰ ਨੇ ਬਲਵਿੰਦਰ ਸੇਖੋਂ ਨੂੰ ਸਸਪੈਂਡ ਕਰ ਦਿੱਤਾ ਸੀ।


ਡੀਐਸਪੀ ਬਲਵਿੰਦਰ ਸੇਖੋਂ ਨੇ ਹਾਈਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਕਿਹਾ ਕਿ ਬਿਨਾਂ ਕਿਸੇ ਸੁਣਵਾਈ ਤੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਸੇਖੋਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਨਾ ਕੋਈ ਕਾਰਨ ਦੱਸੋ ਨੋਟਿਸ ਤੇ ਨਾ ਹੀ ਉਸ ਦਾ ਕੋਈ ਬਿਆਨ ਰਿਕਾਰਡ ਕੀਤਾ ਗਿਆ। ਸਿੱਧਾ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ।

ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਬਲਵਿੰਦਰ ਸਿੰਘ ਸੇਖੋਂ 'ਤੇ ਇਲਜ਼ਾਮ ਲਗਾਏ ਸੀ ਕਿ ਉਸ ਨੇ ਮੈਸੇਜ ਵਿੱਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਮੁੱਦੇ ਨੂੰ ਕੈਬਨਿਟ ਮੀਟਿੰਗ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖਿਆ ਸੀ। ਇਸ ਤੋਂ ਬਾਅਦ ਬਲਵਿੰਦਰ ਸੇਖੋਂ ਨੂੰ 5 ਦਸੰਬਰ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ।

ਕੀ ਹੈ ਮਾਮਲਾ?

ਦਰਅਸਲ ਕੈਪਟਨ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਡੀਐਸਪੀ ਬਲਵਿੰਦਰ ਸੇਖੋਂ ਵਿਚਾਲੇ ਖਿੱਚੋਤਾਣ ਚੱਲ਼ ਰਹੀ ਹੈ। ਸੇਖੋਂ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਗ੍ਰੈਂਡ ਮੈਨਰ ਹੋਮਜ਼ ਮਾਮਲੇ ’ਚ ਅਸਲ ਸੱਚਾਈ ਸਾਹਮਣੇ ਆਵੇ। ਜੇ ਇਸ ਜਾਂਚ ’ਚ ਉਨ੍ਹਾਂ ਖ਼ਿਲਾਫ਼ ਕੁਝ ਵੀ ਗਲਤ ਪਾਇਆ ਗਿਆ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ। ਡੀਐਸਪੀ ਸੇਖੋਂ ਅਨੁਸਾਰ ਸਾਲ 2018 ’ਚ ਉਨ੍ਹਾਂ ਨੂੰ ਤਤਕਾਲੀ ਮੰਤਰੀ ਨਵਜੋਤ ਸਿੱਧੂ ਨੇ ਗ੍ਰੈਂਡ ਮੈਨਰ ਹੋਮਜ਼ ਦੀ ਜਾਂਚ ਕਰਨ ਲਈ ਕਿਹਾ ਸੀ। ਜੁਲਾਈ 2018 ’ਚ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਮੰਤਰੀ ਦੇ ਨਜ਼ਦੀਕੀਆਂ ਦੇ ਕੁਝ ਨਾਂ ਸਾਹਮਣੇ ਆਏ।

ਫਰਵਰੀ 2019 ’ਚ ਜਾਂਚ ਪੂਰੀ ਕਰ ਕੇ ਰਿਪੋਰਟ ਭੇਜ ਦਿੱਤੀ ਗਈ। ਇਸ ਦੌਰਾਨ ਨਵਜੋਤ ਸਿੱਧੂ ਤੋਂ ਸਬੰਧਤ ਵਿਭਾਗ ਖੋਹ ਲਿਆ ਗਿਆ ਤੇ ਉਸ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਜਾਂਚ ਫਾਈਲ ’ਚ ਉਦੋਂ ਦੇ ਮੌਜੂਦਾ ਮੰਤਰੀ ਤੇ ਸਬੰਧਤ ਵਿਭਾਗ ਦੇ ਅਧਿਕਾਰੀ ਉਚਿਤ ਕਾਰਵਾਈ ਦੀ ਸਿਫ਼ਾਰਸ਼ ਕਰ ਚੁੱਕੇ ਸਨ, ਪਰ ਹੁਣ ਇਹ ਮਾਮਲਾ ਦੱਬ ਚੁੱਕਿਆ ਹੈ।

ਸੇਖੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਗੰਨਮੈਨ ਸਨ। ਇਸ ’ਚੋਂ ਦੋ ਗੰਨਮੈਨ ਸਰਕਾਰ ਨੇ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਬਾਕੀ ਬਚਿਆ ਗੰਨਮੈਨ ਵੀ ਵਾਪਸ ਲੈ ਲਿਆ ਜਾਵੇ ਕਿਉਂਕਿ ਹੁਣ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਜੇ ਇਹ ਗੰਨਮੈਨ ਵੀ ਉਨ੍ਹਾਂ ਨਾਲ ਰਿਹਾ ਤਾਂ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਵੀ ਵਿਰੋਧੀਆਂ ਹੱਥੇ ਨਾ ਚੜ੍ਹ ਜਾਵੇ।