ਲੁਧਿਆਣਾ: ਨਗਰ ਨਿਗਮ ਚੋਣ ਵਿੱਚ ਕਾਂਗਰਸ ਉਮੀਦਵਾਰਾਂ ਦੇ ਵਿਰੋਧ ਵਿੱਚ ਚੋਣ ਲੜਨ ਵਾਲੇ 24 ਆਗੂਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


 


ਚੋਣਾਂ 'ਚ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਵੱਡੇ ਪੱਧਰ 'ਤੇ ਕਾਂਗਰਸ ਦੇ ਬਾਗੀ ਉਮੀਦਵਾਰ ਮੈਦਾਨ 'ਚ ਉੱਤਰੇ ਸਨ। ਪਾਰਟੀ ਨੇ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਨਹੀਂ ਮੰਨੇ ਜਿਸ ਕਰਕੇ ਹੁਣ ਬਿਲਕੁਲ ਅੰਤਿਮ ਪਲਾਂ 'ਚ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


 


ਇਸ ਤੋਂ ਪਹਿਲਾਂ ਅਕਾਲੀ ਦਲ ਨੇ ਅਕਾਲੀ ਦਲ ਖਿਲਾਫ ਬਾਗੀ ਹੋ ਕੇ ਖੜ੍ਹਨ ਵਾਲੇ ਅਕਾਲੀ ਆਗੂਆਂ ਨੂੰ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਸੀ। ਵਾਰਡ ਨੰ. 72 ਵਿਚੋਂ ਪਹਿਲਾਂ ਹਰਪ੍ਰੀਤ ਸਿੰਘ ਬੇਦੀ ਨੂੰ, ਵਾਰਡ ਨੰ. 73 ਤੋਂ ਸਾਬਕਾ ਕੌਂਸਲਰ ਵੀਰਾਂ ਬੇਦੀ ਨੂੰ ਪਾਰਟੀ ਉਮੀਦਵਾਰ ਖਿਲਾਫ ਖੜ੍ਹੇ ਹੋਣ 'ਤੇ ਉਨ੍ਹਾਂ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।

ਇਸੇ ਤਰ੍ਹਾਂ ਵਾਰਡ ਨੰਬਰ 74 ਵਿਚੋਂ ਗੁਰਦੀਪ ਸਿੰਘ ਲੀਲ੍ਹ ਨੂੰ ਪਾਰਟੀ ਉਮੀਦਵਾਰ ਬੀਬੀ ਸ਼ਿਵਾਲਿਕ ਖਿਲਾਫ ਚੋਣ ਲੜਨ ਕਾਰਨ ਪਾਰਟੀ 'ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰ. 44 ਵਿਚੋਂ ਹਰਪਾਲ ਸਿੰਘ ਕੋਹਲੀ ਨੂੰ ਵੀ ਆਜ਼ਾਦ ਚੋਣ ਲੜਨ ਕਾਰਨ ਪਾਰਟੀ ਵਿੱਚੋਂ ਕੱਢਿਆ ਗਿਆ ਸੀ।