ਲੁਧਿਆਣਾ: ਸ਼ਹਿਰ ਦੇ ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਖੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਵਾਰਡ ਨੰਬਰ 72 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਬੇਦੀ ਦੇ ਪੁੱਤਰ ਗੁਰਪ੍ਰੀਤ ਸਿੰਘ ਬੇਦੀ ਨਾਲ ਮਾਰਕੁੱਟ ਕੀਤੀ ਗਈ ਹੈ। ਇਸ ਦੌਰਾਨ ਕਾਂਗਰਸੀ ਸਮਰਥਕਾਂ ਵੱਲੋਂ ਗੋਲੀਆਂ ਵੀ ਚਲਾਈਆਂ ਤੇ ਕਈ ਕਾਰਾਂ ਦੀ ਭੰਨਤੋੜ ਕੀਤੀ ਗਈ, ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਹੈ। ਇਸ ਤੋਂ ਪਹਿਲਾਂ  ਕਈ ਹੋਰ ਵਾਰਡਰਾਂ ਸਮੇਤ ਵਾਰਡ ਨੰਬਰ 18 ਵਿੱਚ ਆਜ਼ਾਦ ਉਮੀਦਵਾਰ ਨਿਗਮ ਚੋਣ ਲੜ ਰਹੇ ਆਸ਼ੂ ਰਾਣਾ ਨੇ ਕਾਂਗਰਸੀ ਉਮੀਦਵਾਰ ਵਿਨੀਤ ਭਾਟੀਆ 'ਤੇ ਉਸ ਦੇ ਪੋਸਟਰ ਪਾੜਨ ਦੇ ਇਲਜ਼ਾਮ ਲਾਏ ਸਨ। ਉਸ ਨੇ ਦੱਸਿਆ ਕਿ ਭਾਟੀਆ ਦੇ 15-20 ਸਮਰਥਕਾਂ ਨੇ ਉਸ ਦੇ ਸਾਥੀਆਂ ਦੇ ਘਰਾਂ ਅੰਦਰ ਵੜ ਕੇ ਕੁੱਟ ਮਾਰ ਕੀਤੀ, ਜਿਸ ਕਾਰਨ ਉਨ੍ਹਾਂ ਦੀਆਂ ਪੱਗਾਂ ਉੱਤਰ ਗਈਆਂ। ਵੱਖ ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਲੁਧਿਆਣਾ ਨਗਰ ਨਿਗਮ ਚੋਣਾਂ 'ਚ ਪਹਿਲਾਂ ਹੀ ਲੜਾਈ ਤੇ ਹਿੰਸਾ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਸੀ ਤੇ ਅੱਜ ਉਸੇ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਏਨੀਆਂ ਸ਼ਿਕਾਇਤਾਂ ਦੇ ਬਾਵਜੂਦ ਵੀ ਪ੍ਰਸਾਸ਼ਨ ਇਨ੍ਹਾਂ ਘਟਨਾਵਾਂ ਨੂੰ ਰੋਕਣ 'ਚ ਅਸਮਰੱਥ ਰਿਹਾ ਹੈ।