ਲੁਧਿਆਣਾ :ਨੋਟ ਬੰਦੀ ਦੇ ਕਰਾਨ ਇੱਥੋਂ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਬੀਤੀ ਰਾਤ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬੈਂਕਾਂ ਵਿੱਚ ਖੱਜਲ ਹੋਣ ਤੋਂ ਬਾਅਦ ਵੀ ਨੋਟ ਨਾ ਬਦਲੇ ਜਾਣ ਕਰਕੇ ਆਈ ਆਰਥਿਕ ਤੰਗੀ ਕਰਕੇ ਅਨਿਲ ਕੁਮਾਰ ਨਾਮਕ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।


ਅਨਿਲ ਕੁਮਾਰ ਫੜੀ ਲਾ ਕੇ ਬੱਚਿਆਂ ਦੇ ਕੱਪੜੇ ਆਦਿ ਵੇਚਣ ਦਾ ਕੰਮ ਕਰਦਾ ਸੀ। ਨੋਟਬੰਦੀ ਕਾਰਨ ਉਹ ਵਿੱਤੀ ਮੰਦੀ ਨਾਲ ਜੂਝ ਰਿਹਾ ਸੀ। ਅਨਿਲ ਕੁਮਾਰ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬੈਂਕ ਵਿੱਚ ਆਪਣੇ ਨੋਟ ਬਦਲਾਉਣ ਲਈ ਜਾ ਰਿਹਾ ਸੀ ਪਰ ਭੀੜ ਜ਼ਿਆਦਾ ਹੋਣ ਕਰਕੇ ਖਾਲੀ ਹੱਥ ਹੀ ਘਰ ਪਰਤ ਜਾਂਦਾ ਸੀ। ਪੁਰਾਣੇ ਨੋਟ ਬਾਜ਼ਾਰ ਵਿੱਚ ਨਾ ਚੱਲਦੇ ਹੋਣ ਕਰਕੇ ਅਤੇ ਕਾਰੋਬਾਰ ਮੰਦਾ ਹੋਣ ਕਰਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।

ਇਸੇ ਪ੍ਰੇਸ਼ਾਨੀ ਦੌਰਾਨ ਉਸ ਨੇ ਬੀਤੀ ਰਾਤ ਆਪਣੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਅਨਿਲ ਕੁਮਾਰ ਦੀ ਪਤਨੀ ਪ੍ਰੀਤੀ ਘਰ ਆਈ। ਲਾਸ਼ ਦੇਖ ਕੇ ਪ੍ਰੀਤੀ ਨੇ ਰੌਲਾ ਪਾਇਆ ਤਾਂ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਘਟਨਾ ਦੀ ਸੂਚਨਾ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਦਿੱਤੀ।

ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਅਨਿਲ ਕੋਲੋਂ ਇੱਕ ਪਰਚੀ ਵੀ ਮਿਲੀ ਜਿਸ ਵਿੱਚ ਅਨਿਲ ਨੇ ਲਿਖਿਆ ਸੀ ਕਿ ਕਾਰੋਬਾਰ ਮੰਦਾ ਹੋਣ ਅਤੇ ਕਈ ਦਿਨ ਬੈਂਕਾਂ ਅੱਗੇ ਲਾਈਨਾਂ ਵਿੱਚ ਲੱਗਣ ਦੇ ਬਾਵਜੂਦ ਨੋਟ ਨਾ ਮਿਲਣ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ। ਇਸ ਲਈ ਉਸ ਨੇ ਫਾਹਾ ਲੈ ਲਿਆ ਤੇ ਉਸ ਦੀ ਖ਼ੁਦਕਸ਼ੀ ਕਰਕੇ ਕਿਸੇ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।