ਅੰਮ੍ਰਿਤਸਰ: ਨੋਟ ਬੰਦੀ ਦਾ ਅਸਰ ਹੁਣ ਕਾਰੋਬਾਰ ਉੱਤੇ ਵੱਡੇ ਪੱਧਰ ਉੱਤੇ ਪੈਣ ਲੱਗਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਦੁਕਾਨਦਾਰ ਨੋਟ ਬੰਦੀ ਦੇ ਕਾਰਨ ਖ਼ਾਲੀ ਬੈਠਣ ਲਈ ਮਜਬੂਰ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਰਧਾਲੂ ਤਾਂ ਦਰਬਾਰ ਸਾਹਿਬ ਆ ਰਹੇ ਪਰ ਉਹ ਖ਼ਰੀਦਦਾਰੀ ਘੱਟ ਕਰ ਰਹੇ ਹਨ। ਇਸੀ ਤਰ੍ਹਾਂ ਸ਼ਹਿਰ ਦੇ ਜ਼ਿਆਦਾਤਰ ਹੋਟਲ ਵੀ ਖ਼ਾਲੀ ਹੋਏ ਪਏ ਹਨ।
ਨੋਟ ਬੰਦੀ ਦੇ ਕਾਰਨ ਦਰਬਾਰ ਸਾਹਿਬ ਆਏ ਸੈਲਾਨੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਤੋਂ ਆਏ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਹੈ। ਹਵਾਈ ਅੱਡੇ ਉੱਤੇ ਉਸ ਨੇ ਜਦੋਂ ਕਰੰਸੀ ਬਦਲੀ ਤਾਂ ਉਸ ਨੂੰ 500 ਅਤੇ 1000 ਦੇ ਨੋਟ ਦੇ ਦਿੱਤੇ ਗਏ। ਪਰ ਬਾਅਦ ਵਿੱਚ ਇਹ ਨੋਟ ਬੰਦ ਕਰ ਦਿੱਤੇ ਗਏ।
ਇਸ ਕਾਰਨ ਉਸ ਨੂੰ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਕੱਪੜਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਬਿਲਕੁਲ ਖ਼ਤਮ ਹੋ ਚੁੱਕਾ ਹੈ। ਪਿਛਲੇ ਦਿਨਾਂ ਤੋਂ ਕੋਈ ਵੀ ਖ਼ਰੀਦਦਾਰ ਕੱਪੜਾ ਖ਼ਰੀਦਣ ਨਹੀਂ ਆ ਰਿਹਾ। ਬੈਂਕ ਤੋਂ ਪੈਸਾ ਕਢਵਾ ਕੇ ਉਹ ਗੁਜ਼ਾਰਾ ਚਲਾ ਰਹੇ ਹਨ।
ਸ਼ਹਿਰ ਦੇ ਹਲਵਾਈਆਂ ਦੇ ਕੰਮ ਕਾਜ ਉੱਤੇ ਵੀ ਨੋਟ ਬੰਦੀ ਦਾ ਅਸਰ ਹੈ। ਜਿਨ੍ਹਾਂ ਦੇ ਘਰ ਵਿਆਹ ਹਨ , ਉਨ੍ਹਾਂ ਨੇ ਆਪਣੇ ਖ਼ਰਚਿਆਂ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ।ਜਿਸ ਕਾਰਨ ਹਲਵਾਈ ਅਤੇ ਕਾਮੇ ਬੇਕਾਰ ਬੈਠਣ ਲਈ ਮਜਬੂਰ ਹਨ।