ਜਲੰਧਰ : ਨੋਟ ਬੰਦੀ ਦੇ ਚੱਲਦੇ ਹੋਏ ਪ੍ਰੇਸ਼ਾਨ ਵਿਆਹ ਵਾਲੇ ਘਰਾਂ ਵਿੱਚ ਮੋਦੀ ਸਰਕਾਰ ਦੇ ਆਦੇਸ਼ ਦੇ ਬਾਵਜੂਦ ਖ਼ੁਸ਼ੀਆਂ ਨਹੀਂ ਆ ਰਹੀਆਂ ਹਨ। ਕੇਂਦਰ ਸਰਕਾਰ ਨੇ ਆਦੇਸ਼ ਦਿੱਤਾ ਹੋਇਆ ਹੈ ਕਿ ਜਿਨ੍ਹਾਂ ਦੇ ਘਰ ਵਿਆਹ ਹੈ ਉਹ ਬੈਂਕ ਵਿੱਚੋਂ ਕਾਰਡ ਦਿਖਾ ਕੇ ਢਾਈ ਲੱਖ ਰੁਪਏ ਤੱਕ ਕਢਵਾ ਸਕਦੇ ਹਨ। ਪਰ ਜਲੰਧਰ ਵਿੱਚ ਅਜਿਹਾ ਨਹੀਂ ਹੋ ਰਿਹਾ।


ਇੱਥੋਂ ਦੀ ਗੁੜ ਮੰਡੀ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਵਿਆਹ ਦਾ ਕਾਰਡ ਲੈ ਕੇ ਪੈਸੇ ਕਢਵਾਉਣ ਲਈ ਆਏ ਇੱਕ ਜੋੜੇ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਆਦੇਸ਼ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੈਸੇ ਨਹੀਂ ਮਿਲ ਰਹੇ।

ਦੂਜੇ ਪਾਸੇ ਬੈਂਕ ਦੇ ਮੈਨੇਜਰ ਦੇਵਰਾਜ ਕਲਸੀ ਨੇ ਦੱਸਿਆ ਕਿ ਕੈਸ਼ ਦੀ ਕਮੀ ਦੇ ਚੱਲਦੇ ਹੋਏ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਆਖਿਆ ਕਿ ਵਿਆਹ ਲਈ ਫ਼ਿਲਹਾਲ ਢਾਈ ਲੱਖ ਰੁਪਏ ਦੇਣ ਦਾ ਕੈਸ਼ ਹੀ ਨਹੀਂ ਹੈ। ਇਸ ਕਰ ਕੇ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਅਜਿਹਾ ਹੀ ਹਾਲ ਗੁਰਦਾਸਪੁਰ ਵਿੱਚ ਵੀ ਦੇਖਣ ਨੂੰ ਮਿਲਿਆ। ਲੋਕਾਂ ਦੇ ਹੱਥਾਂ ਵਿੱਚ ਕਾਰਡ ਸਨ, ਪਰ ਬੈਂਕ ਵਿੱਚ ਕੈਸ਼ ਨਾ ਹੋਣ ਕਾਰਨ ਉਹਨਾਂ ਨੂੰ ਮਾਯੂਸ ਹੋ ਕੇ ਘਰ ਪਰਤਣਾ ਪੈ ਰਿਹਾ ਹੈ।