ਚੰਡੀਗੜ੍ਹ : ਅੱਜ ਸਥਾਨਕ ਪੁੱਡਾ ਪਾਰਕ ਮੋਹਾਲੀ ਵਿੱਚ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਅਮਨਿੰਦਰ ਸਿੰਘ ਕੁਠਾਲਾ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਰਤੀ ਬੋਰਡ ਵੱਲੋਂ 22 ਨਵੰਬਰ ਤੱਕ ਮੈਰਿਟ ਵਿੱਚ ਆਉਣ ਵਾਲੇ ਯੋਗ ਬੇਰੁਜ਼ਗਾਰ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਸਟੇਸ਼ਨ ਅਲਾਟ ਨਾ ਕੀਤੇ ਗਏ ਤਾਂ ਆਉਣ ਵਾਲੀ 23 ਨਵੰਬਰ ਨੂੰ ਸਮੂਹ ਪੰਜਾਬ ਵਿਚੋਂ ਯੋਗ ਹੋਣਤੇ ਵੀ ਬੇਰੁਜ਼ਗਾਰੀ ਦਾ ਕਲੰਕ ਝੱਲ ਰਹੇ ਹਜ਼ਾਰਾਂ ਉਮੀਦਵਾਰ ਪਰਿਵਾਰਾਂ ਸਮੇਤ ਡੀ.ਜੀ.ਐਸ.ਈ. ਦਫਤਰ ਦਾ ਘਿਰਾਓ ਅਤੇ ਆਤਮਦਾਹ ਕਰਨਗੇ।


ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਜਾਣ-ਬੁਝ ਕੇ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਨਾਲ ਬੇਇਨਸਾਫੀ ਕਰ ਰਿਹਾ ਹੈ ਅਤੇ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜ਼ਬੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿੱਖਿਆ ਵਿਭਾਗ ਵਾਰ-ਵਾਰ ਕੋਰਟ ਕੇਸਾਂ ਦਾ ਹਵਾਲਾ ਦੇ ਰਿਹਾ ਸੀ ਅਤੇ ਜਾਣ-ਬੁਝ ਕੇ ਭਰਤੀ ਪ੍ਰੀਕਿਰਿਆ ਨੂੰ ਟਾਲ ਰਿਹਾ ਸੀ ਜਦੋਂ ਕਿ ਹੁਣ ਸਾਰੇ ਹੀ ਕੋਰਟ ਕੇਸ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਪਰ ਅਜੇਵੀ ਸਿੱਖਿਆ ਵਿਭਾਗ ਨਵੇਂ-ਨਵੇਂ ਬਹਾਨੇ ਬਣਾ ਕੇ ਡੰਗ ਟਪਾਊ ਨੀਤੀ ਅਪਣਾ ਰਿਹਾ ਹੈ।

ਵਿਭਾਗ ਦੀ ਇਸ ਬੇਇਨਸਾਫੀ ਕਾਰਨ ਹਜ਼ਾਰ ਯੋਗ ਉਮੀਦਵਾਰ ਭਾਰੀ ਮਾਨਸਿਕ ਪੀੜਾ ਵਿਚੋਂ ਗੁਜਰ ਰਹੇ ਹਨ। ਚੋਣ ਜਾਬਤਾ ਕਿਸੇ ਵੀ ਸਮੇਂ ਸੰਭਵ ਹੈ ਅਤੇ 1500 ਅਧਿਆਪਕਾਂ ਦਾ ਭਵਿੱਖ ਪੂਰੀ ਤਰ੍ਹਾਂ ਧੁੰਦਲਾ ਨਜ਼ਰ ਆ ਰਿਹਾ ਹੈ। ਸੈਂਕੜਿਆਂ ਦੇ ਕਰੀਬ ਅਧਿਆਪਕ ਆਪਣੀ ਉਮਰ ਦੀ ਆਖਰੀ ਭਰਤੀ ਦੇਖ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਵਿੱਚ ਰੋਸ ਦਿਨੋ-ਦਿਨ ਵੱਧ ਰਿਹਾ ਹੈ ਅਤੇ ਆਉਣਵਾਲੀ 23 ਨਵੰਬਰ ਨੂੰ ਸਿੱਖਿਆ ਵਿਭਾਗ ਦੇ ਘਿਰਾਓ ਦਾ ਐਲਾਨ ਕੀਤਾ ਹੈ। ਜੇਕਰ ਇਸ ਘਿਰਾਓ ਦੌਰਾਨ ਕਿਸੇ ਵੀ ਮਾਨਸਿਕ ਪ੍ਰੇਸ਼ਾਨ ਅਧਿਆਪਕ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਸੁਬਾ ਸਰਕਾਰ ਅਤੇ ਸਿੱਖਿਆਵਿਭਾਗ ਹੋਵੇਗਾ।

ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵੰਤ ਮੁਕਤਸਰ, ਹਰੀਸ਼ ਫਾਜਿਲਕਾ, ਅਜੇ ਹੁਸ਼ਿਆਰਪੁਰ, ਕਰਨੈਲ ਸੰਗਰੂਰ, ਹਰਪ੍ਰੀਤ ਫਰੀਦਕੋਟ, ਗਗਨ ਬਠਿੰਡਾ, ਪਰਮਜੀਤ ਕੌਰ ਮਾਨਸਾ, ਐਚ.ਐਸ. ਗਲਵੱਟੀ ਪਟਿਆਲਾ, ਬਿਕਰਮਜੀਤ ਅੰਮ੍ਰਿਤਸਰ, ਦੀਦਾਰ ਮਾਨਸਾ, ਗੌਰਵ ਅਨੰਦਪੁਰ ਸਾਹਿਬ, ਬਹਾਦਰ ਸਿੰਘ ਰੋਪੜ, ਰਘਬੀਰ ਸਿੰਘ ਬਰਨਾਲਾ, ਮਨਜਿੰਦਰ ਜਲੰਧਰ, ਅਵਤਾਰ ਲੁਧਿਆਣਾ, ਰਾਜ ਸੋਨੀ ਅਬੋਹਰ ਅਤੇ ਦੁਰਗਾ ਦਾਸ ਮੋਹਾਲੀ ਆਦਿ ਹਾਜ਼ਰ ਸਨ।