ਸੋਨੀਪਤ : ਇੱਥੋਂ ਦੇ ਖਰਖੋਦਾ ਪਿੰਡ ਵਿੱਚ ਬੀਤੀ ਰਾਤ ਇੱਕ ਪਰਿਵਾਰ ਉੱਤੇ ਹੋਏ ਹਮਲੇ ਵਿੱਚ ਤਿੰਨ ਵਿਅਕਤੀਆਂ ਦੇ ਮੌਤ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਹਮਲਾ ਦਾ ਕਾਰਨ ਅੰਤਰਜਾਤੀ ਵਿਆਹ ਹੈ। ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਕੇ ਉਸ ਦੇ ਪੂਰੇ ਸਹੁਰਾ ਪਰਿਵਾਰ ਨੂੰ ਹੀ ਖ਼ਤਮ ਕਰ ਦਿੱਤਾ। ਅਹਿਮ ਗੱਲ ਇਹ ਹੈ ਕਿ ਹਮਲੇ ਸਮੇਂ ਲੜਕੀ ਗਰਭਵਤੀ ਸੀ ਅਤੇ ਬਾਅਦ ਵਿੱਚ ਉਸ ਨੇ ਹਸਪਤਾਲ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸੋਨੀਪਤ ਦੇ ਕੁਲਦੀਪ ਨਗਰ ਇਲਾਕੇ ਵਿੱਚ ਬੀਤੀ ਰਾਤ ਸੁਰੇਸ਼ ਨਾਮਕ ਵਿਅਕਤੀ ਦੇ ਘਰ ਬੀਤੀ ਰਾਤ ਕੁੱਝ ਲੋਕਾਂ ਨੇ ਹਥਿਆਰਾਂ ਨਾਲ ਹਮਲਾ ਕੀਤਾ। ਅਣਪਛਾਤੇ ਵਿਅਕਤੀਆਂ ਘਰ ਅੰਦਰ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਘਰ ਦੇ ਮਾਲਕ ਸੁਰੇਸ਼ , ਉਸ ਦੀ ਪਤਨੀ ਅਤੇ ਲੜਕੇ ਪ੍ਰਦੀਪ ਦੀ ਮੌਤ ਹੋਈ ਹੈ। ਜਦੋਂਕਿ ਪ੍ਰਦੀਪ ਦੀ ਪਤਨੀ ਸੁਸ਼ੀਲਾ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਪ੍ਰਦੀਪ ਤੇ ਸੁਸ਼ੀਲਾ ਦਾ ਅੰਤਰਜਾਤੀ ਵਿਆਹ ਸੀ। ਪ੍ਰਦੀਪ ਦਲਿਤ ਪਰਿਵਾਰ ਨਾਲ ਸਬੰਧਿਤ ਰੱਖਦਾ ਸੀ ਜਦੋਂਕਿ ਸੁਸ਼ੀਲਾ ਉੱਚ ਸ਼੍ਰੇਣੀ ਨਾਲ। ਇਸੀ ਗੱਲ ਦੀ ਸੁਸ਼ੀਲਾ ਦੇ ਪਰਿਵਾਰ ਵਾਲਿਆਂ ਨੂੰ ਪ੍ਰਦੀਪ ਨਾਲ ਰੰਜਸ਼ ਸੀ। ਪੁਲਿਸ ਨੂੰ ਸ਼ੱਕ ਹੈ ਕਿ ਹਮਲੇ ਪਿੱਛੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਹੱਥ ਹੋ ਸਕਦਾ ਹੈ। ਪ੍ਰਦੀਪ ਅਤੇ ਸੁਸ਼ੀਲਾ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਹੋਈ ਸੀ। ਦੋਵਾਂ ਨੇ ਵਿਆਹ ਕਰਵਾਉਣ ਦੀ ਗੱਲ ਜਦੋਂ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਲੜਕੀ ਦੇ ਘਰ ਵਾਲਿਆਂ ਨੇ ਇਸ ਲਈ ਹਾਮੀ ਨਹੀਂ ਭਰੀ। ਕਾਰਨ ਪ੍ਰਦੀਪ ਦਾ ਦਲਿਤ ਹੋਣਾ। ਪਰ ਬਾਅਦ ਦੋਵਾਂ ਨੇ ਪ੍ਰੇਮ ਵਿਆਹ ਕਰ ਲਿਆ।