ਲੁਧਿਆਣਾ: ਪੰਜਾਬ ਸਰਕਾਰ ਅਕਸਰ ਆਪਣੇ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਦੀ ਰਹਿੰਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਮੁਲਾਜ਼ਮ ਨੂੰ ਤਬਾਦਲਾ ਮਨਜ਼ੂਰ ਹੀ ਹੋਏ। ਲੁਧਿਆਣਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਟਵਾਰੀ ਦੀ ਬਦਲੀ ਹੋ ਗਈ ਤੇ ਪਹਿਲੀ ਵਾਲੀ ਥਾਂ 'ਤੇ ਵਾਪਸ ਜਾਣ ਲਈ ਇਸ ਪਟਵਾਰੀ ਨੂੰ ਖ਼ਤਰਨਾਕ ਕਦਮ ਚੁੱਕਣਾ ਪਿਆ।


ਤਬਾਦਲੇ ਮਗਰੋਂ ਪਟਵਾਰੀ ਨੇ ਪੁਰਾਣੀ ਥਾਂ 'ਤੇ ਦੁਬਾਰਾ ਤਾਇਨਾਤ ਹੋਣ ਲਈ ਆਪਣੀ ਜਗ੍ਹਾ ਆਏ ਵਿਅਕਤੀ ਨੂੰ ਸੁਪਾਰੀ ਦੇ ਕੇ ਕੁਟਵਾਇਆ। ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮ ਕਾਬੂ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਕੀਤੀ ਗਈ ਹੈ।


ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪਟਵਾਰੀ ਦੀਪਕ ਸਿੰਗਲਾ ਦਾ ਥਰੀਕੇ ਵਿੱਚ ਤਬਾਦਲਾ ਹੋਇਆ ਸੀ ਜਦਕਿ ਉੱਥੇ ਪਹਿਲਾਂ ਤੋਂ ਹੀ ਤਾਇਨਾਤ ਪਟਵਾਰੀ ਜਸਪ੍ਰੀਤ ਸਿੰਘ ਨੂੰ ਉੱਥੋਂ ਦਾਖਾ ਭੇਜਿਆ ਗਿਆ ਸੀ। ਜਸਪ੍ਰੀਤ ਉਸੇ ਥਾਂ, ਯਾਨੀ ਥਰੀਕੇ ਵਿੱਚ ਵਾਪਸ ਆਉਣਾ ਚਾਹੁੰਦਾ ਸੀ। ਇਸ ਲਈ ਉਸ ਆਪਣੇ ਦੋਸਤ ਨਾਲ ਮਿਲਕੇ 30 ਹਜ਼ਾਰ ਦੀ ਸੁਪਾਰੀ ਦਿੱਤੀ ਤੇ ਦੀਪਕ ਸਿੰਗਲਾ ਨੂੰ ਕੁਟਵਾਉਣ ਦੀ ਸਾਜ਼ਿਸ਼ ਘੜੀ।


ਇਸ ਪਿੱਛੋਂ ਉਸ ਦੇ ਦੋਸਤ ਨੇ ਹੋਰ ਬੰਦੇ ਨਾਲ ਲੈ ਕੇ ਡਿਊਟੀ 'ਤੇ ਤਾਇਨਾਤ ਦੀਪਕ ਸਿੰਗਲਾ 'ਤੇ ਥਰੀਕੇ ਦੇ ਪਟਵਾਰਖ਼ਾਨੇ ਵਿੱਚ ਹਮਲਾ ਕਰ ਦਿੱਤਾ। ਪੁਲਿਸ ਨੇ ਕੁੱਲ 7 ਮੁਲਜ਼ਮਾਂ ਵਿੱਚੋਂ 4 ਕਾਬੂ ਕਰ ਲਏ ਹਨ। ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।